ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਗਾਇਆ ਹੈ ਕਿ ਅਮਰਿੰਦਰ ਸਿੰਘ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਦੇ ਗੱਠਜੋੜ ਨਾਲ ਚੱਲ ਰਹੇ ਬਿਜਲੀ ਮਾਫ਼ੀਆ ਹੱਥੋਂ ਪੰਜਾਬ ਦੀ ਜਨਤਾ ਦੀ ਅੰਨ੍ਹੀ ਲੁੱਟ ਕਰਵਾ ਰਹੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹਰ ਫ਼ਰੰਟ ‘ਤੇ ਫ਼ੇਲ੍ਹ ਹੋਈ ਅਮਰਿੰਦਰ ਸਿੰਘ ਸਰਕਾਰ ਕਾਰਨ ਪੰਜਾਬ ਗੰਭੀਰ ਚੁਨੌਤੀਆਂ ‘ਚੋਂ ਗੁਜ਼ਰ ਰਹੀ ਹੈ। ਜਿਸ ਦਾ ਖ਼ਮਿਆਜ਼ਾ ਪੰਜਾਬ ਦੇ ਸਾਰੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਅਮਨ ਅਰੋੜਾ ਨੇ ਪੰਜਾਬ ਦੇ ਤਿੰਨ ਨਿੱਜੀ ਥਰਮਲ ਪਲਾਂਟਾਂ (ਤਲਵੰਡੀ ਸਾਬੋ, ਰਾਜਪੁਰਾ ਤੇ ਗੋਇੰਦਵਾਲ ਸਾਹਿਬ) ਨੂੰ ਬਿਨਾ ਬਿਜਲੀ ਖ਼ਰੀਦੇ ਪਾਵਰਕਾਮ (ਸਰਕਾਰ) ਵੱਲੋਂ ਦਿੱਤੇ ਜਾ ਰਹੇ ਰੋਜ਼ਾਨਾ 5 ਕਰੋੜ ਰੁਪਏ ਦੇ ਫਿਕਸਡ ਚਾਰਜ ਨੂੰ ਖ਼ੁਦ ਸਰਕਾਰ ਵੱਲੋਂ ਬਿਜਲੀ ਮਾਫ਼ੀਆ ਹੱਥੋਂ ਸਾਰੇ ਬਿਜਲੀ ਖਪਤਕਾਰ ਦੀ ਅੰਨ੍ਹੀ ਲੁੱਟ ਕਰਵਾਈ ਜਾ ਰਹੀ ਹੈ।
ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਅਮਰਿੰਦਰ ਸਿੰਘ ਸਰਕਾਰ ਨੇ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ ਬਾਦਲਾਂ ਵਾਂਗ ਮੋਦੀ ਹਿੱਸਾ-ਪੱਤੀ ਬੰਨ੍ਹ ਲਈ ਹੈ। ਇਹੋ ਕਾਰਨ ਹੈ ਕਿ ਚੋਣਾਂ ਤੋਂ ਪਹਿਲਾਂ ਬਾਦਲਾਂ ਦੇ ਕੀਤੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਦੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਨ ਤੋਂ ਭੱਜ ਚੁੱਕੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਬਿਜਲੀ ਸਮਝੌਤੇ ਰੱਦ ਕਰਨਾ ਤਾਂ ਦੂਰ ਮੁੱਖ ਮੰਤਰੀ ਅਮਰਿੰਦਰ ਸਿੰਘ ਬਿਜਲੀ ਖ਼ਰੀਦ ਸਮਝੌਤਿਆਂ ‘ਤੇ ਵਾਈਟ ਪੇਪਰ ਜਾਰੀ ਕਰਨ ਦੇ ਵਚਨਾਂ ਤੋਂ ਵੀ ਮੁੱਕਰ ਗਏ ਹਨ।
ਅਮਨ ਅਰੋੜਾ ਨੇ ਕਿਹਾ ਕਿ ਇੱਕ ਸਰਕਾਰ ਕੋਲ ਸਕੂਲੀ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਦੇਣ ਦੇ ਪੈਸੇ ਨਹੀਂ ਹਨ, ਦੂਜੇ ਪਾਸੇ ਬਿਨਾ ਬਿਜਲੀ ਖ਼ਰੀਦੇ ਇਨ੍ਹਾਂ ਤਿੰਨਾਂ ਥਰਮਲ ਪਲਾਂਟਾਂ ਨੂੰ ਪ੍ਰਤੀ ਮਹੀਨਾ 150 ਕਰੋੜ ਰੁਪਏ ਦਾ ਫਿਕਸਡ ਚਾਰਜ ਦਿੱਤਾ ਜਾ ਰਿਹਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਸਰਕਾਰ ਲੋਕਾਂ ਨੂੰ ਲੁੱਟ ਰਹੇ ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਨ ‘ਚ ਅਸਫਲ ਰਹੀ ਤਾਂ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਇਹ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਅਤੇ ਪੰਜਾਬ ਦੇ ਖਪਤਕਾਰਾਂ ਨੂੰ ਕੇਜਰੀਵਾਲ ਸਰਕਾਰ ਵਾਂਗ ਸਸਤੀ ਬਿਜਲੀ ਮੁਹੱਈਆ ਕੀਤੀ ਜਾਵੇਗੀ।