ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਖੇਤੀ ਸਾਹਿਤ ਸੰੰਬੰਧੀ ਜਾਗਰੂਕਤਾ ਫੈਲਾਉਣ ਲਈ ਅੱਜ ਇੱਕ ਵਿਸ਼ੇਸ਼ ਦੌਰਾ ਪੀ.ਏ.ਯੂ. ਦੀ ਟੀਮ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੰਡੀ ਵਿਖੇ ਕੀਤਾ ਗਿਆ। ਇਸ ਟੀਮ ਵਿੱਚ ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਕੁਲਵੀਰ ਕੌਰ ਅਤੇ ਸਹਾਇਕ ਨਿਰਦੇਸ਼ਕ ਪ੍ਰਕਾਸ਼ਨ ਮਿਸ ਗੁਲਨੀਤ ਚਾਹਲ ਸ਼ਾਮਿਲ ਸਨ।
ਟੀਮ ਨੇ ਪਿੰਡ ਦੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਾਸਿਕ ਰਸਾਲਿਆਂ, ਹਾੜੀ-ਸਾਉਣੀ ਫ਼ਸਲਾਂ ਦੀ ਕਿਤਾਬ ਅਤੇ ਹੋਰ ਖੇਤੀ ਸਾਹਿਤ ਤੋਂ ਜਾਣੂੰ ਕਰਵਾਇਆ। ਪਿੰਡ ਦੇ ਕਿਸਾਨਾਂ ਨੇ ਪੀ.ਏ.ਯੂ. ਵੱਲੋਂ ਛਾਪੇ ਜਾਂਦੇ ਖੇਤੀ ਸਾਹਿਤ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ । ਪਿੰਡ ਜੰਡੀ ਦੇ ਇੱਕ ਕਿਸਾਨ ਸ੍ਰੀ ਦਵਿੰਦਰ ਸਿੰਘ ਨੇ ਕਿਹਾ ਕਿ ਚੰਗੀ ਖੇਤੀ ਨੇ ਉਹਨਾਂ ਦੀ ਖੇਤੀ ਜਾਣਕਾਰੀ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਪਿੰਡ ਜੰਡੀ ਦੇ ਇੱਕ ਸਵੈ ਸਹਾਇਤਾ ਸਮੂਹ ਵੱਲੋਂ ਪਰਾਲੀ ਨਾ ਸਾੜਨ ਸੰਬੰਧੀ ਅਨੁਭਵ ਵੀ ਇੱਕ ਵੀਡੀਓ ਵਿੱਚ ਫਿਲਮਾਏ ਗਏ। ਪਿੰਡ ਦੇ ਅਗਾਂਹਵਧੂ ਕਿਸਾਨਾਂ ਗੁਰਜੀਤ ਸਿੰਘ, ਤੇਜਪਾਲ ਸਿੰਘ, ਜਗਦੀਸ਼ ਸਿੰਘ ਅਤੇ ਦਵਿੰਦਰ ਸਿੰਘ ਨੇ ਨਾ ਸਿਰਫ਼ ਖੇਤੀ ਵਿਭਿੰਨਤਾ ਬਾਰੇ ਆਪਣੀ ਜਗਿਆਸਾ ਦਾ ਪ੍ਰਗਟਾਵਾ ਕੀਤਾ ਬਲਕਿ ਉਹਨਾਂ ਨੇ ਦੱਸਿਆ ਕਿ ਉਹ ਪਰਾਲੀ ਦੀ ਸੰਭਾਲ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਉਪਰ ਅਮਲ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਨਾਲ ਜੁੜਨ ਅਤੇ ਪੀ.ਏ.ਯੂ. ਦੇ ਖੇਤੀ ਸਾਹਿਤ ਨੂੰ ਅਪਨਾਉਣ ਦੀ ਅਪੀਲ ਕੀਤੀ।
ਡਾ. ਕੁਲਵੀਰ ਕੌਰ ਨੇ ਕਿਸਾਨ ਬੀਬੀਆਂ ਲਈ ਯੂਨੀਵਰਸਿਟੀ ਵੱਲੋਂ ਸਮੇਂ ਸਮੇਂ ਲਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪਰਿਵਾਰ ਦੀ ਆਮਦਨ ਵਧਾਉਣ ਲਈ ਕਿਸਾਨ ਬੀਬੀਆਂ ਵੱਲੋਂ ਪਾਏ ਜਾਣ ਵਾਲੇ ਯੋਗਦਾਨ ਬਾਰੇ ਗੱਲ ਕੀਤੀ। ਮਿਸ ਗੁਲਨੀਤ ਚਾਹਲ ਨੇ ਪੀ.ਏ.ਯੂ. ਦੇ ਖੇਤੀ ਸਾਹਿਤ ਦੀ ਮੈਂਬਰਸ਼ਿਪ ਲੈਣ ਲਈ ਆਨਲਾਈਨ ਅਤੇ ਰਵਾਇਤੀ ਵਿਧੀਆ ਬਾਰੇ ਵਿਸਥਾਰ ਨਾਲ ਗੱਲ ਕੀਤੀ।