ਕਿਸਾਨ ਬੀਬੀਆਂ ਨੂੰ ਅਨਾਜ ਤੋਂ ਹੋਰ ਪਦਾਰਥ ਬਨਾਉਣ ਬਾਰੇ ਸਿਖਲਾਈ ਕੋਰਸ

TeamGlobalPunjab
2 Min Read

ਚੰਡੀਗੜ੍ਹ (ਅਵਤਾਰ ਸਿੰਘ): ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਅਨਾਜ ਤੋਂ ਵੰਨ ਸਵੰਨੇ ਪਦਾਰਥ ਬਨਾਉਣ ਸੰਬੰਧੀ’ ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 47 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਆਨਲਾਈਨ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਨਾਜ ਤੋਂ ਵੱਖ-ਵੱਖ ਭੋਜਨ ਪਦਾਰਥ ਤਿਆਰ ਕਰਕੇ ਚੰਗਾ ਮੁਨਾਫਾ ਕਿਵੇਂ ਖੱਟਿਆ ਜਾ ਸਕਦਾ ਹੈ ਇਸ ਬਾਰੇ ਯੂਨੀਵਰਸਿਟੀ ਦੇ ਵੱਖ-ਵੱਖ ਮਾਹਿਰਾਂ ਕੋਲੋਂ ਲਾਭਵੰਦ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲਿਆ।

ਇਸ ਮੌਕੇ ਕੋਰਸ ਕੋਆਰਡੀਨੇਟਰ ਲਵਲੀਸ਼ ਗਰਗ ਨੇ ਦੱਸਿਆ ਕਿ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਆਪਣੇ ਖੇਤੀ ਕਿੱਤੇ ਦੇ ਨਾਲ ਨਾਲ ਘੱਟ ਲਾਗਤ ਵਿੱਚ ਅਨਾਜ ਤੋਂ ਵੰਨ-ਸਵੰਨੇ ਪਦਾਰਥ ਬਣਾ ਕੇ ਜਿਵੇਂ ਕਿ ਪਾਸਤਾ, ਨਿਊਡਲਜ਼ ਆਦਿ ਇਹਨਾਂ ਪਦਾਰਥਾਂ ਦਾ ਮੰਡੀਕਰਨ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ।

ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਪੂਨਮ ਏ. ਸਚਦੇਵ, ਮੁਖੀ, ਭੋਜਨ ਵਿਗਿਆਨ ਅਤੇ ਤਕਨੀਕ ਵਿਭਾਗ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਡਾ. ਅਰਸ਼ਦੀਪ ਸਿੰਘ ਨੇ ਐਕਸਟਰੂਡਡ ਸਨੈਕਸ ਲਈ ਤਕਨੀਕੀ ਜਾਣਕਾਰੀ ਬਾਰੇ, ਡਾ. ਕਮਲਜੀਤ ਕੌਰ ਨੇ ਬਹੁ-ਅਨਾਜੀ ਆਟਾ ਬਨਾਉਣਾ ਅਤੇ ਇਸਦੀ ਮਹਤੱਤਾ ਬਾਰੇ, ਡਾ. ਪ੍ਰੀਤੀ ਆਹਲੂਵਾਲੀਆ ਨੇ ਬੇਕਰੀ ਸਨੈਕਸ ਤਿਆਰ ਕਰਨ ਬਾਰੇ ਅਤੇ ਡਾ. ਗੁਰਕੀਰਤ ਕੌਰ ਨੇ ਨਿਊਡਲਜ਼, ਪਾਸਤਾ ਤਿਆਰ ਕਰਨ ਲਈ ਲੋੜੀਂਦੀ ਸਮੱਗਰੀ ਅਤੇ ਤਕਨੀਕੀ ਜਾਣਕਾਰੀ ਵਿਸ਼ਿਆਂ ਉਪਰ ਭਰਪੂਰ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਡਾ. ਰੁਪਿੰਦਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।

Share This Article
Leave a Comment