ਸੈਕਰਾਮੈਂਟੋ: ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਦੀ ਕਿੰਗ ਕੰਪਨੀ ਦੇ ਮਾਲਕ ਹਰਦੀਪ ਸਿੰਘ ਅਤੇ ਅਮਨਦੀਪ ਕੌਰ ਵਿਰੁੱਧ ਬੀਮਾ ਧੋਖਾਧੜੀ ਦੇ ਦੋਸ਼ , ਆਇਦ ਕੀਤੇ ਗਏ ਹਨ। ਟਰਸਟ ਟ੍ਰਾਂਸਪੋਰਟ ਇਨਕਾਰਪੋਰੇਸ਼ਨ ਦੇ ਹਰਦੀਪ ਸਿੰਘ ਅਤੇ ਅਮਨਦੀਪ ਕੌਰ ਨੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾ ਕੇ ਪੇਸ਼ ਕਰਨ ਲਈ ਉਨ੍ਹਾਂ ਨੂੰ ਖੁਦਮੁਖਤਿਆਰ ਠੇਕੇਦਾਰ ਵਜੋਂ ਪੇਸ਼ ਕੀਤਾ। ਜਿਸ ਕਾਰਨ ਬੀਮਾ ਕੰਪਨੀ ਨੂੰ 2 ਲੱਖ 34 ਹਜ਼ਾਰ ਡਾਲਰ ਅਤੇ ਰੁਜ਼ਗਾਰ ਵਿਕਾਸ ਵਿਭਾਗ ਨੂੰ 2 ਲੱਖ 20 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ।
44 ਸਾਲ ਦੇ ਹਰਦੀਪ ਸਿੰਘ ਅਤੇ 36 ਸਾਲ ਦੀ ਅਮਨਦੀਪ ਕੌਰ ਕਥਿਤ ਤੌਰ ‘ਤੇ ਫ਼ਰਵਰੀ 2014 ਤੋਂ ਅਕਤੂਬਰ 2016 ਤੱਕ ਆਪਣੇ ਮੁਲਾਜ਼ਮਾਂ ਨੂੰ ਠੇਕੇਦਾਰ ਹੀ ਦਸਦੇ ਰਹੇ। ਦੋਹਾਂ ਨੇ ਆਪਣੇ ਮੁਲਾਜ਼ਮਾਂ ਦੀ ਕੁੱਲ ਤਨਖਾਹ 105,811 ਡਾਲਰ ਦੱਸੀ ਜਦਕਿ ਬੀਮਾ ਵਿਭਾਗ ਮੁਤਾਬਕ ਅਸਲ ਤਨਖਾਹ ਦੀ ਰਕਮ 14 ਲੱਖ 36 ਹਜ਼ਾਰ ਡਾਲਰ ਬਣਦੀ ਸੀ। ਯਾਨੀ ਕਿ ਟਰਸਟ ਟ੍ਰਾਂਸਪੋਰਟ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਬਗੈਰ ਦਸਤਾਵੇਜ਼ਾਂ ਸਬੂਤਾਂ ਤੋਂ ਅਦਾਇਗੀ ਕੀਤੀ ਜਾ ਰਹੀ ਸੀ। ਇਹ ਰਕਮ ਬਾਰੇ ਟਰੱਸਟ ਟ੍ਰਾਂਸਪੋਰਟ ਦੀਆਂ ਬੀਮਾ ਕੰਪਨੀਆਂ ਨੂੰ ਵੀ ਸੂਚਿਤ ਨਾ ਕੀਤਾ ਗਿਆ ਅਤੇ ਘੱਟ ਪ੍ਰੀਮੀਅਮ ਅਦਾਇਗੀ ਹੁੰਦੀ ਰਹੀ।
#FraudsterAlert: Sacramento #trucking business owners charged in #InsuranceFraud scheme.#Fraud #Scheme #InsuranceNewshttps://t.co/uAIiMsq5H8
— NICB (@insurancecrime) October 21, 2020
ਇਨਸ਼ੌਰੈਂਸ ਕਮਿਸ਼ਨਰ ਰਿਕਾਰਡ ਲਾਰਾ ਨੇ ਕਿਹਾ ਕਿ ਮੁਲਾਜ਼ਮਾਂ ਦੀ ਤਨਖਾਹ ਜਾਂ ਉਨ੍ਹਾਂ ਦੀ ਗਿਣਤੀ ਘਟਾ ਕੇ ਪੇਸ਼ ਕਰਨਾ ਨਾ ਸਿਰਫ਼ ਅਪਰਾਧ ਹੈ ਸਗੋਂ ਇਸ ਨਾਲ ਇਮਾਨਦਾਰ ਕਾਰੋਬਾਰੀ ਵੀ ਖ਼ਤਰੇ ‘ਚ ਆ ਜਾਂਦੇ ਹਨ। ਹਰਦੀਪ ਸਿੰਘ ਅਤੇ ਅਮਨਦੀਪ ਕੌਰ ਵਿਰੁੱਧ ਆਇਦ ਦੋਸ਼ਾਂ ਮੁਤਾਬਕ ਦੋਹਾਂ ਨੇ ਕਿਰਤੀਆਂ ਨਾਲ ਸਬੰਧਤ ਇਨਸ਼ੌਰੈਂਸ ਪ੍ਰੀਮੀਅਮ ਦੇ ਰੂਪ ਵਿਚ ਨਿਗੂਣੀ ਰਕਮ ਅਦਾ ਕੀਤੀ ਅਤੇ ਬੀਮਾ ਕੰਪਨੀ ਨੂੰ ਲੱਖਾਂ ਡਾਲਰ ਦਾ ਨੁਕਸਾਨ ਪਹੁੰਚਾਇਆ। ਮਾਮਲਾ ਸਾਹਮਣੇ ਆਉਣ ਮਗਰੋਂ ਹਰਦੀਪ ਸਿੰਘ ਅਤੇ ਅਮਨਦੀਪ ਕੌਰ ਨੇ ਕਾਨੂੰਨ ਅੱਗੇ ਆਤਮ-ਸਮਰਪਣ ਕਰ ਦਿੱਤਾ।