ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਨੇ ਹਰਿਆਣਾ ਦੀ ਇੱਕ ਫਰਮ ਸਵਿੱਫਟ ਕਾਰਪੋਰੇਸ਼ਨ ਲਿਮਟਿਡ, ਪਲਾਟ ਨੰ. 89/112 ਸੈਕਟਰ-7 ਆਈ ਐਮ.ਟੀ. ਮਾਨੇਸਰ, ਗੁਰੂਗ੍ਰਾਮ ਨਾਲ ਆਨਲਾਈਨ ਇੱਕ ਸਮਝੌਤਾ ਕੀਤਾ। ਇਸ ਸਮਝੌਤੇ ਅਨੁਸਾਰ ਪੀ.ਏ.ਯੂ. ਵੱਲੋਂ ਵਿਕਸਿਤ ਮੱਛਰ ਰੋਕਣ ਵਾਲੇ ਸੂਤੀ ਕੱਪੜੇ ਦੀ ਤਕਨਾਲੋਜੀ ਦੇ ਪਸਾਰ ਲਈ ਸਬੰਧਤ ਫਰਮ ਨੂੰ ਅਧਿਕਾਰ ਪ੍ਰਾਪਤ ਹੋਏ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸਵਿੱਫਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਨਿਰਦੇਸ਼ਕ ਹਰਸਿਮਰਨ ਕੌਰ ਨੇ ਆਪਣੀਆਂ ਸੰਸਥਾਵਾਂ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਉਪਰ ਸਹਿਮਤੀ ਪ੍ਰਗਟ ਕੀਤੀ। ਇਹ ਤਕਨਾਲੋਜੀ ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਅਤੇ ਐਪਰਲ ਐਂਡ ਟੈਕਸਟਾਈਲ ਸਾਇੰਸ ਵਿਭਾਗ ਦੇ ਵਿਗਿਆਨੀ ਡਾ. ਸੁਮੀਤ ਗਰੇਵਾਲ ਵੱਲੋਂ ਇਸ ਤਕਨਾਲੋਜੀ ਦਾ ਵਿਕਾਸ ਕੀਤਾ ਗਿਆ ਹੈ।
ਦੋਵਾਂ ਖੋਜੀ ਵਿਗਿਆਨੀਆਂ ਨੇ ਇਸ ਮੌਕੇ ਦੱਸਿਆ ਕਿ ਮੱਛਰਾਂ ਨੂੰ ਰੋਕਣ ਵਾਲਾ ਇਹ ਕੱਪੜਾ ਸਫੈਦੇ ਦੇ ਤੇਲ ਦੀ ਵਰਤੋਂ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਨਾਲ ਮੱਛਰਾਂ ਦੀਆਂ ਤਿੰਨ ਪ੍ਰਜਾਤੀਆਂ ਜੋ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਦੇ ਫੈਲਾਅ ਦਾ ਕਾਰਨ ਬਣਦੀਆਂ ਹਨ, ਦੀ ਰੋਕਥਾਮ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕੱਪੜਾ ਲਗਭਗ 15 ਧੁਲਾਈਆਂ ਤੱਕ ਹੰਢਣਸਾਰ ਹੈ ਅਤੇ ਇਸ ਦੀ ਪਰਖ ਖਿਡਾਰੀਆਂ ਅਤੇ ਬਾਹਰ ਵਿਚਰਨ ਵਾਲੇ ਹੋਰ ਲੋਕਾਂ ਉਪਰ ਕਰਕੇ ਇਸ ਕੱਪੜੇ ਨੂੰ ਮੱਛਰਾਂ ਦੀ ਰੋਕਥਾਮ ਲਈ ਇਕਦਮ ਢੁਕਵਾਂ ਪਾਇਆ ਗਿਆ ਹੈ।
ਬਰਸਾਤ ਦੇ ਮੌਸਮ ਦੌਰਾਨ ਮੱਛਰਾਂ ਨਾਲ ਸੰਬੰਧਤ ਬਿਮਾਰੀਆਂ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ। ਇਸ ਲਿਹਾਜ਼ ਨਾਲ ਪੀ.ਏ.ਯੂ. ਵੱਲੋਂ ਵਿਕਸਿਤ ਕੀਤਾ ਇਹ ਸੂਤੀ ਕੱਪੜਾ ਮੱਛਰਾਂ ਦੀ ਰੋਕਥਾਮ ਲਈ ਬੇਹੱਦ ਕਾਰਗਰ ਤਰੀਕਾ ਸਾਬਤ ਹੋਵੇਗਾ । ਇਸ ਮੌਕੇ ਤਕਨਾਲੋਜੀ ਵਪਾਰੀਕਰਨ ਅਤੇ ਆਈ ਪੀ ਆਰ ਸੈਲ ਦੇ ਸਲਾਹਕਾਰ ਡਾ. ਐਸ.ਐਸ. ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 57 ਤਕਨੀਕਾਂ ਦੇ ਵਪਾਰੀਕਰਨ ਲਈ 234 ਸੰਧੀਆਂ ਕੀਤੀਆਂ ਹਨ।