ਜ਼ਿਲ੍ਹਾ ਮੋਹਾਲੀ ਇੱਕ ਵਾਰ ਫਿਰ ਸੂਬੇ ‘ਚ ਨੌਕਰੀਆਂ ਮੁਹੱਈਆ ਕਰਵਾਉਣ ਲਈ ਰਿਹਾ ਮੋਹਰੀ

TeamGlobalPunjab
3 Min Read

ਐਸ.ਏ.ਐਸ.ਨਗਰ: ਲਗਾਤਾਰ ਦੂਜੀ ਵਾਰ ਸੂਬੇ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਮੋਹਾਲੀ ਨੇ ਅੱਜ ਇਥੇ 6 ਵੇਂ ਮੈਗਾ ਜਾਬ ਮੇਲੇ ਦੌਰਾਨ ਸਭ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ, ਉਨ੍ਹਾਂ ਕਿਹਾ ਕਿ ਕੋਵਿਡ ਦੇ ਬਾਵਜੂਦ ਮੇਲੇ ਦੌਰਾਨ ਵਰਚੁਅਲ ਇੰਟਰਵਿਊ ਦੇ ਨਾਲ ਨਾਲ ਇੰਮਪਲਾਈਰ ਦੀ ਸਾਈਟ ਅਤੇ ਜ਼ਿਲ੍ਹਾ ਬਿਊਰੋ ਆਫ਼ ਐਂਪਲਾਇਮੈਂਟ ਐਂਡ ਐਂਟਰਪ੍ਰਾਈਜਜ਼ (ਡੀ.ਬੀ.ਈ.ਈ.) ਵਿਖੇ ਇੰਟਰਵਿਊ ਦਾ ਆਯੋਜਨ ਕਰਵਾ ਕੇ 10,800 ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ।

ਦਿਆਲਨ ਨੇ ਕਿਹਾ “ਸਾਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਸਾਲ ਸਾਡਾ ਵਿਸ਼ੇਸ਼ ਧਿਆਨ ਬੇਹੱਦ ਗਰੀਬਾਂ ਲਈ ਨੌਕਰੀਆਂ ਮੁਹੱਈਆ ਕਰਵਾਉਣ ਵੱਲ ਸੀ ਅਤੇ ਅਸੀਂ ਇਨ੍ਹਾਂ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਲਈ 3000 ਨੌਕਰੀਆਂ ਦੇਣ ਵਿੱਚ ਕਾਮਯਾਬ ਹੋਏ ਹਾਂ।’’ ਉਨ੍ਹਾਂ ਦੱਸਿਆ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਜ਼ਿਲ੍ਹੇ ਦੇ ਹਰ ਪਿੰਡ ਵਿਚ 10 ਗ਼ਰੀਬ ਪਰਿਵਾਰਾਂ ਦੀ ਪਛਾਣ ਕੀਤੀ ਗਈ ਅਤੇ ਇਨ੍ਹਾਂ ਪਰਿਵਾਰਾਂ ਵਿਚੋਂ ਨੌਜਵਾਨਾਂ ਦੀ ਕੁਸ਼ਲਤਾ ਅਤੇ ਯੋਗਤਾ ਰੋਜ਼ਗਾਰ ਪੋਰਟਲ ‘ਤੇ ਅਪਲੋਡ ਕੀਤੀ ਗਈ ਸੀ। ਖੁਸ਼ਕਿਸਮਤੀ ਨਾਲ, ਇਨ੍ਹਾਂ ਪਰਿਵਾਰਾਂ ਦੇ ਬਹੁਤ ਸਾਰੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ। ਉਹਨਾਂ ਅੱਗੇ ਕਿਹਾ “ਅਸੀਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ ਤਾਂ ਜੋ ਸੂਬਾ ਸਰਕਾਰ ਵੱਲੋਂ ਹਰ ਘਰ ਵਿੱਚ ਨੌਕਰੀ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਸਕੇ।”

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜ਼ਿਲ੍ਹੇ ਦੇ 6000 ਨੌਕਰੀਆਂ ਦੇਣ ਦੇ ਟੀਚੇ ਤੋਂ ਵੀ ਵੱਧ ਐਸ.ਏ.ਐਸ.ਨਗਰ ਨੇ 13,369 ਨੌਕਰੀਆਂ ਮੁਹੱਈਆ ਕਰਵਾਈਆਂ ਸੀ ਅਤੇ ਇਸ ਸਾਲ ਮਹਾਂਮਾਰੀ ਸਦਕਾ 3000 ਨੌਕਰੀਆਂ ਦੇਣ ਦੇ ਘਟੇ ਟੀਚੇ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਨੇ ਟੀਚੇ ਤੋਂ ਤਿੰਨ ਗੁਣਾ ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਈਆਂ। ਨੌਕਰੀਆਂ ਦੇ ਪ੍ਰੋਫਾਈਲ ਵਿੱਚ ਉੱਚ ਪੱਧਰੀ ਪ੍ਰਬੰਧਕੀ ਨੌਕਰੀਆਂ ਤੋਂ ਲੈ ਕੇ ਮੁੱਢਲੇ ਸਹਾਇਕ ਪੱਧਰ ਦੀਆਂ ਨੌਕਰੀਆਂ ਸ਼ਾਮਲ ਹਨ।

ਮਨਰੇਗਾ ਵਰਕਰ ਦੇ ਪੁੱਤਰ ਜਸਵਿੰਦਰ ਸਿੰਘ ਜਿਸ ਨੇ ਮਕੈਨੀਕਲ ਡਿਪਲੋਮਾ ਹਾਸਲ ਕੀਤਾ ਅਤੇ ਨੌਕਰੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਸੀ, ਲਈ ਖੁਸ਼ੀ ਦਾ ਠਿਕਾਣਾ ਨਾ ਰਿਹਾ ਅਤੇ ਅੰਤ ਵਿੱਚ ਡੀਬੀਈਈ ਦੁਆਰਾ ਅਕਕਸੋ ਨੋਬਲ ਮੋਹਾਲੀ (ਪੇਂਟ ਵਾਲੀ ਕੈਮੀਕਲ ਫੈਕਟਰੀ) ਵਿਖੇ 10,000 ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਨਾਲ ਪਲੇਸਮੈਂਟ ਮਿਲੀ। ਚੰਦਰ ਮੋਹਨ ਨੂੰ ਫਾਇਰ ਐਂਡ ਸੇਫਟੀ ਦਾ ਡਿਪਲੋਮਾ ਕਰਨ ਉਪਰੰਤ ਇਸੇ ਕੰਪਨੀ ਵਿੱਚ ਹੀ ਨੌਕਰੀ ਮਿਲ ਗਈ। ਇਸੇ ਤਰ੍ਹਾਂ ਹਾਲ ਹੀ ਵਿੱਚ ਬੀ.ਟੈਕ. ਪਾਸ ਹਰਸ਼ਦੀਪ ਸਿੰਘ ਨੂੰ ਕੁਇੱਕਲੈਬਜ਼ (ਆਈ.ਟੀ. ਕੰਪਨੀ) ਤੋਂ 4.5 ਲੱਖ ਰੁਪਏ ਸਲਾਨਾ ਪੈਕੇਜ ‘ਤੇ ਨੌਕਰੀ ਮਿਲੀ। ਵਰਿਧੀ ਜੈਵਾਲ, ਬੀ.ਟੈੱਕ ਕੰਪਿਊਟਰ ਸਾਇੰਸ ਨੂੰ ਟੇਕ ਮਹਿੰਦਰਾ ਵਿਚ 3.5 ਲੱਖ ਰੁਪਏ ਦੇ ਸਾਲਾਨਾ ਪੈਕੇਜ ਨਾਲ ਨੌਕਰੀ ਮਿਲੀ। ਨੌਕਰੀ ਮਿਲਣ ਵਾਲੇ ਸਾਰੇ ਉਮੀਦਵਾਰਾਂ ਨੇ ਇਕਸੁਰਤਾ ਵਿੱਚ ਪ੍ਰਗਟਾਵਾ ਕੀਤਾ, “ਅਸੀਂ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੀ ਬਾਂਹ ਫੜਨ ਲਈ ਧੰਨਵਾਦੀ ਹਾਂ।”

Share This Article
Leave a Comment