ਸੰਗਰੂਰ: ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜ਼ਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਏ 6ਵੇਂ ਮੈਗਾ ਰੋਜ਼ਗਾਰ ਮੇਲੇ ਦਾ ਸਮਾਪਨ ਅੱਜ ਆਨਲਾਈਨ ਸਮਾਗਮ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੀਤਾ। ਸਮਾਗਮ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਂਸਦ ਰਾਹੁਲ ਗਾਂਧੀ, ਸੂਬਾ ਪ੍ਰਧਾਨ ਕਾਂਗਰਸ ਸੁਨੀਲ ਜਾਖੜ, ਐਮ.ਪੀ. ਮਹਾਰਾਣੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੋਂ ਇਲਾਵਾ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਆਨਲਾਈਨ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਇਕ ਸਾਲ ਦੇ ਅੰਦਰ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ। ਉਨਾਂ ਰਾਜ ਭਰ ’ਚ ਲਗਾਏ 6ਵੇਂ ਰੋਜ਼ਗਾਰ ਮੇਲਿਆ ਦੌਰਾਨ ਰੋਜ਼ਗਾਰ ਦੇ ਸਮਰੱਥ ਬਣੇ ਨੌਜਵਾਨਾਂ ਨੰੂ ਸੁਭਕਾਮਨਾਵਾਂ ਦਿੱਤੀਆ।
ਇਸ ਮੌਕੇ ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨ ਪੀੜੀ ਨੂੰ ਰੋਜ਼ਗਾਰ ਤੇ ਕਾਬਿਲ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਕੀਤੀ। ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਇਹ ਰੋਜਗਾਰ ਮੇਲਿਆਂ ਰਾਹੀਂ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਉਨਾਂ ਨੇ ਦੱਸਿਆ ਕਿ ਆਉਣ ਵਾਲੇ ਦਸੰਬਰ 2020 ਅਤੇ ਜਨਵਰੀ 2021 ਦੌਰਾਨ ਨੌਜਵਾਨਾਂ ਨੂੰ ਸਵੈ ਰੋਜਗਾਰ ਨਾਲ ਜੋੜਨ ਲਈ ਮੈਗਾ ਲੋਨ ਮੇਲੇ ਵੀ ਲਗਾਏ ਜਾਣਗੇ।
ਜ਼ਿਲਾ ਪੱਧਰੀ ਸਮਾਗਮ ਵਿਚ ਆਨਲਾਈਨ ਜੁੜਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ 24 ਤੋਂ 30 ਸਤੰਬਰ ਤੱਕ ਲਗਾਏ ਮੈਗਾ ਰੋਜ਼ਗਾਰ ਮੇਲਿਆ ਦੌਰਾਨ ਕਰੀਬ 6290 ਪ੍ਰਾਰਥੀਆਂ ਨੂੰ ਰੋਜ਼ਗਾਰ ਮਿਲਿਆ। ਉਨਾਂ ਦੱਸਿਆ ਕਿ 100 ਦੇ ਕਰੀਬ ਕੰਪਨੀਆਂ/ਨਿਯੋਜਕਾਂ ਨੇ ਰੋਜ਼ਗਾਰ ਮੇਲਿਆ ਦੌਰਾਨ ਭਾਗ ਲਿਆ ਸੀ।
ਜ਼ਿਲਾ ਪੱਧਰੀ ਸਮਾਗਮ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਜਿੰਦਰ ਸਿੰਘ ਬੱਤਰਾ, ਚੇਅਰਪਰਸ਼ਨ ਪੰਜਾਬ ਐਗਰੋ ਗੀਤਾ ਸ਼ਰਮਾ, ਚੇਅਰਮੈਨ ਇਮਪਰੂਵਮੈਂਟ ਟਰੱਸਟ ਸੰਗਰੂਰ ਨਰੇਸ਼ ਗਾਬਾ, ਵਾਇਸ ਚੇਅਰਮੈਨ ਪੰਜਾਬ ਸਮਾਲ ਇੰਡੀਸ਼ਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਮਹੇਸ਼ ਕੁਮਾਰ ਮੇਸ਼ੀ , ਵਾਇਸ ਚੇਅਰਮੈਨ ਖਾਦੀ ਬੋਰਡ ਹਰਿੰਦਰ ਸਿੰਘ ਲਖਮੀਰਵਾਲਾ, ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ , ਹਰਮਨਦੀਪ ਬਾਜਵਾ, ਮਾਸਟਰ ਅਜੈਬ ਸਿੰਘ ਰਟੋਲਾ ਨੇ ਵੀ ਭਾਗ ਲਿਆ।