ਚੰਡੀਗੜ੍ਹ: ਕੋਰੋਨਾ ਵਾਇਰਸ ਸੰਕਟ ਕਾਰਨ ਲੱਗੇ ਲਾਕਡਾਊਨ ਕਰਕੇ ਹਜ਼ਾਰਾਂ ਸ਼ਰਧਾਲੂ ਮਹਾਰਾਸ਼ਟਰ ਦੇ ਨਾਂਦੇਡ਼ ਸਾਹਿਬ ਗੁਰਦੁਆਰਾ ਵਿਚ ਲਗਭਗ ਇੱਕ ਮਹੀਨੇ ਤੋਂ ਫਸੇ ਹੋਏ ਸਨ। ਬੀਤੇ ਦਿਨੀਂ ਉਥੋਂ ਪਰਤੇ 11 ਸ਼ਰਧਾਲੂਆਂ ਦੇ ਜੱਥੇ ‘ਚੋਂ 9 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਇਨ੍ਹਾਂ ਵਿਚ 6 ਤਰਨਤਾਰਨ ਜ਼ਿਲ੍ਹੇ ਦੇ ਅਤੇ ਤਿੰਨ ਕਪੂਰਥਲਾ ਜਿਲ੍ਹੇ ਦੇ ਹਨ।
ਦੱਸਣਯੋਗ ਹੈ ਕਿ ਪੰਜਾਬ ਤੋਂ 90 ਬੱਸਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੀਆਂ ਗਈਆਂ ਸਨ। ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਸਾਰੇ ਸ਼ਰਧਾਲੂਆਂ ਨੂੰ ਕੁਆਰੰਟੀਨ ਕਰ ਕੇ ਕੋਰੋਨਾ ਟੈਸਟ ਕਰਨ ਦੇ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਦਰਅਸਲ ਬੀਤੇ ਦਿਨੀਂ ਤਰਨਤਾਰਨ ਅਤੇ ਮੁਹਾਲੀ ਵਿੱਚ ਬੱਸਾਂ ਤੋਂ ਸ਼ਰਧਾਲੂ ਆਏ ਸਨ। ਇਨ੍ਹਾਂ ‘ਚੋਂ ਨੌਂ ਦੀ ਰਿਪੋਰਟ ਪਾਜ਼ਿਟਿਵ ਨਿਕਲੀ। ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਵਿੱਚੋਂ 5 ਕੋਰੋਨਾ ਲੋਕ ਤਰਨਤਾਰਨ ਦੇ ਪਿੰਡ ਸੁਰ ਸਿੰਘ ਤੋਂ ਹਨ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸੁਰ ਸਿੰਘ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਇਸ ਸ਼ਰਧਾਲੂਆਂ ਦੇ ਪਰਿਵਾਰਕ ਮੈਬਰਾਂ ਨੂੰ ਵੀ ਆਇਸੋਲੇਟ ਵਿੱਚ ਰੱਖਕੇ ਉਨ੍ਹਾਂ ਦੀ ਸਿਹਤ ਜਾਂਚ ਲਈ ਸੈਂਪਲ ਲੈ ਲਈ ਗਏ ਹਨ।
ਉੱਥੇ ਕਪੂਰਥਲਾ ਤੋਂ ਪਾਜ਼ਿਟਿਵ ਆਏ ਤਿੰਨੋ ਮਰੀਜ਼ ਫਗਵਾੜਾ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਵਿਚ ਇਕ 11 ਸਾਲ ਦੀ ਬੱਚੀ ਵੀ ਸ਼ਾਮਲ ਹੈ ਅਤੇ ਇਕ ਔਰਤ ਦੀ ਉਮਰ 58 ਸਾਲ ਤੇ ਇਕ ਵਿਅਕਤੀ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ। ਇਸਦੇ ਨਾਲ ਹੀ ਮਰੀਜ਼ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਕਪੂਰਥਲਾ ਦੇ ਆਇਸੋਲੇਸ਼ਨ ਵਾਰਡ ਵਿਚ ਦਾਖਲ ਕੀਤਾ ਗਿਆ ਹੈ।