ਨਵੀਂ ਦਿੱਲੀ: ਰਾਜ ਸਭਾ ਵਿੱਚ ਐਤਵਾਰ ਨੂੰ ਖੇਤੀਬਾੜੀ ਬਿੱਲ ‘ਤੇ ਚਰਚਾ ਦੌਰਾਨ ਹੰਗਾਮਾ ਕਰਨ ਵਾਲੇ ਅੱਠ ਸੰਸਦਾਂ ਤੇ ਵੈਂਕਈਆ ਨਾਇਡੂ ਨੇ ਵੱਡੀ ਕਾਰਵਾਈ ਕੀਤੀ ਹੈ। ਹੰਗਾਮਾ ਕਰਨ ਵਾਲੇ ਅੱਠ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਜਿਨ੍ਹਾਂ ‘ਚ ਤ੍ਰਿਣਮੂਲ ਕਾਂਗਰਸ ਡੈਰੇਕ ਓਬਰਾਇਨ ਤੇ ਡੋਲਾ ਸੇਨ, ਕਾਂਗਰਸ ਦੇ ਰਾਜੀਵ ਸਾਤਵ, ਰਿਪੁਨ ਬੋਰਾ ਤੇ ਸੱਯਦ ਨਜ਼ੀਰ ਹੁਸੈਨ, ਸੀਪੀਐਮ ਦੇ ਕੇ ਕੇ ਰਾਗੇਸ਼ ਤੇ ਐਲਾਰਾਮ ਕਰੀਮ ਅਤੇ ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਸ਼ਾਮਲ ਹਨ।
ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਸੰਸਦ ਵਿਚ ਮੈਂਬਰਾਂ ਦੇ ਵਰਤਾਓ ਤੇ ਨਾਰਾਜ਼ਗੀ ਜਤਾਈ ਤੇ ਉਨ੍ਹਾਂ ਨੇ ਉਪ ਚੇਅਰਮੈਨ ਹਰਿਵੰਸ਼ ਦੇ ਖਿਲਾਫ਼ ਵਿਰੋਧੀ ਪੱਖ ਦੇ ਅਵਿਸ਼ਵਾਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਬੀਤੀ ਸ਼ਾਮ ਵਿਰੋਧੀ ਪੱਖ ਤੇ ਹਮਲਾ ਬੋਲਦੇ ਹੋਏ ਕਿਹਾ ਸੀ ਕਿ ਰਾਜ ਸਭਾ ਦੇ ਉਪ ਚੇਅਰਮੈਨ ਦੇ ਪ੍ਰਤੀ ਮੈਂਬਰਾਂ ਦਾ ਸੁਭਾਅ ਨਾਂ ਸਿਰਫ ਖਰਾਬ ਸੀ ਸਗੋਂ ਸ਼ਰਮਨਾਕ ਵੀ ਸੀ। ਰਾਜਨਾਥ ਸਿੰਘ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਜਿੱਥੇ ਤੱਕ ਮੈਂ ਜਾਣਦਾ ਹਾਂ ਅਜਿਹਾ ਰਾਜ ਸਭਾ ਅਤੇ ਲੋਕ ਸਭਾ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਇਆ, ਰਾਜ ਸਭਾ ਵਿੱਚ ਹੋਣ ਵਾਲੀ ਇਹ ਵੱਡੀ ਘਟਨਾ ਹੈ। ਅਫਵਾਹਾਂ ਦੇ ਆਧਾਰ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।