ਪਟਿਆਲਾ : ਕੈਪਟਨ ਦੀ ਸਿਟੀ ਪਟਿਆਲਾ ‘ਚ ਬੀਤੇ ਦਿਨ ਦੇਰ ਰਾਤ ਕੋਰੋਨਾ ਦੇ 7 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 137 ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਿੱਤੀ। ਡਾ. ਮਲਹੋਤਰਾ ਨੇ ਕਿ ਇਨ੍ਹਾਂ 7 ਕੇਸਾਂ ‘ਚੋਂ 6 ਰਾਜਪੁਰਾ ਤੋਂ ਸਾਹਮਣੇ ਆਏ ਹਨ। ਰਾਜਪੁਰਾ ਸ਼ਹਿਰ ਦੇ ਭਾਈ ਮਤੀ ਦਾਸ ਗੁਰਦੁਆਰਾ ਸਾਹਿਬ ਨੇੜੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਪਰਿਵਾਰ ਕੁੱਝ ਦਿਨ ਪਹਿਲਾਂ ਦਿੱਲੀ ਰਹਿ ਕੇ ਆਇਆ ਸੀ। ਇਸ ਤੋਂ ਇਲਾਵਾ ਰਾਜਪੁਰਾ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ਅਤੇ ਇੱਕ ਮਰੀਜ਼ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਤੋ ਸਾਹਮਣੇ ਆਇਆ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ‘ਚ 7763 ਸੈਂਪਲ ਲਏ ਗਏ ਹਨ, ਜਿਨ੍ਹਾਂ ‘ਚੋਂ 137 ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 6895 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 868 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਨਾਲ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਜ਼ਿਲ੍ਹੇ ‘ਚ 22 ਐਕਟਿਵ ਕੇਸ ਹਨ।
ਦੱਸ ਦਈਏ ਕਿ ਬੀਤੇ ਦਿਨ ਪੰਜਾਬ ‘ਚ ਕੋਰੋਨਾਵਾਇਰਸ ਦੇ 54 ਨਵੇਂ ਮਾਮਲੇ ਸਾਹਮਣੇ ਆਏ ਸਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2515 ਹੋ ਗਈ ਹੈ। ਸੂਬੇ ‘ਚ 2 ਕੋਰੋਨਾਵਾਇਰਸ ਕਾਰਨ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 2092 ਵਿਅਕਤੀ ਠੀਕ ਹੋ ਚੁੱਕੇ ਹਨ।