ਨਵੀਂ ਦਿੱਲੀ : ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਭਾਰਤੀਆਂ ਲਈ ਇੱਕ ਚੰਗੀ ਖਬਰ ਆਈ ਹੈ। ਭਾਰਤ ਤੋਂ ਹਾਲ ਹੀ ‘ਚ ਚੀਨ ਦੇ ਵੁਹਾਨ ਤੋਂ ਏਅਰਲਿਫਟ ਕੀਤੇ ਗਏ 645 ਲੋਕਾਂ ਦੀ ਕੋਰੋਨਾਵਾਇਰਸ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਇੱਕ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ਾਂ ਦੁਆਰਾ ਲਿਆਂਦੇ ਗਏ ਸਾਰੇ 645 ਭਾਰਤੀ ਨਾਗਰਿਕਾਂ ਨੂੰ ਆਈਟੀਬੀਪੀ ਦੀ ਨਿਗਰਾਨੀ ਹੇਠ ਇੱਕ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਸੀ। ਸਿਹਤ ਮੰਤਰਾਲੇ ਨੇ ਆਪਣੇ ਇੱਕ ਬਿਆਨ ‘ਚ ਕਿਹਾ ਹੈ ਕਿ 6 ਫਰਵਰੀ ਤੱਕ 1,265 ਉਡਾਣਾਂ ਦੇ 1,38,750 ਯਾਤਰੀਆਂ ਦੀ ਜਾਂਚ ਕੀਤੀ ਗਈ ਸੀ। ਜਿਸ ‘ਚੋਂ ਅਜੇ ਤੱਕ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।
ਭਾਰਤ ‘ਚ ਹੁਣ ਤੱਕ ਕੇਰਲ ਵਿੱਚ ਕੋਰੋਨਾਵਾਇਰਸ ਦੇ ਸਿਰਫ ਤਿੰਨ ਕੇਸਾਂ ਦੀ ਪੁਸ਼ਟੀ ਹੋਈ ਹੈ। ਤਿੰਨਾਂ ਦੀ ਸਿਥਤੀ ਹੁਣ ਤੱਕ ਸਥਿਰ ਬਣੀ ਹੋਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਐਮਸੀਆਰ) ਨੇ 510 ਲੋਕਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿਚੋਂ ਇਨ੍ਹਾਂ ਤਿੰਨ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਟੈਸਟ ਰਿਪੋਰਟ ਨਕਾਰਾਤਮਕ ਆਈ ਹੈ।
ਤਾਜਾ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰ ਤੱਕ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 640 ਤੱਕ ਪਹੁੰਚ ਗਈ ਹੈ ਤੇ 30 ਹਜ਼ਾਰ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ।