ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਲੈਨਵੁੱਡ ਵਿਖੇ ਬੀਤੇ ਐਤਵਾਰ ਇੱਕ ਗੈਸ ਸਟੇਸ਼ਨ ‘ਤੇ ਕੰਮ ਕਰ ਰਹੇ 60 ਸਾਲਾ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਤੇਜਪਾਲ ਸਿੰਘ ਨੂੰ ਇੱਕ ਨਾਕਾਬਪੋਸ਼ ਲੁਟੇਰੇ ਵਲੋਂ ਕਤਲ ਕਰ ਦਿੱਤਾ ਗਿਆ। ਲੁਟੇਰਾ ਲੁੱਟ ਦੀ ਨੀਅਤ ਦੇ ਨਾਲ ਉਸ ਗੈਸ ਸਟੇਸ਼ਨ ‘ਚ ਦਾਖਲ ਹੋਇਆ ਸੀ।
ਜਾਣਕਾਰੀ ਅਨੁਸਾਰ ਲੈਨਵੁੱਡ ਗੈਸ ਸਟੇਸ਼ਨ ‘ਤੇ ਕੰਮ ਕਰਦੇ 60 ਸਾਲਾ ਤੇਜਪਾਲ ਸਿੰਘ ’ਤੇ ਸਵੇਰੇ 5.40 ਵਜੇ ਲੁਟੇਰੇ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕ ਤੇਜਪਾਲ ਸਿੰਘ ਦਾ ਪਿਛੋਕੜ ਜਲੰਧਰ ਦੇ ਨਕੋਦਰ ਦੇ ਨੇੜ੍ਹੇ ਪਿੰਡ ਸਰੀਂਹ ਦਾ ਸੀ ਅਤੇ ਉਹ ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਦੇ ਸਿਆਟਲ ਦੇ ਲੈਨਵੁੱਡ ਸ਼ਹਿਰ ਵਿਖੇ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸਨ।
ਫਿਲਹਾਲ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਪਰ ਹਾਲੇਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵੇਗੀ। ਇਸ ਤੋਂ ਇਲਾਵਾ ਪੁਲਿਸ ਵਲੋਂ ਨਕਾਬਪੋਸ਼ ਦੀ ਤਸਵੀਰ ਜਾਰੀ ਕਰਕੇ ਲੋਕਾਂ ਤੋਂ ਮਦਦ ਮੰਗੀ ਗਈ ਹੈ।