ਬਠਿੰਡਾ: ਸਾਲ 2017 ‘ਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੌਰਾਨ ਬਠਿੰਡਾ ਦੇ ਹਲਕਾ ਮੌੜ ਮੰਡੀ ਕਾਂਗਰਸ ਦੀ ਰੈਲੀ ਨੇੜੇ ਹੋਏ ਬੰਬ ਬਲਾਸਟ ਨੂੰ 6 ਸਾਲ ਬੀਤ ਗਏ ਹਨ, ਪਰ ਪੀੜਤ ਹਾਲੇ ਵੀ ਇਨਸਾਫ ਦੀ ਉਡੀਕ ‘ਚ ਹਨ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਮੌੜ ਜਿੱਥੋਂ ਕਾਂਗਰਸ ਵੱਲੋਂ ਹਰਮਿੰਦਰ ਜੱਸੀ ਚੋਣ ਲੜ ਰਹੇ ਸਨ ਜਿਨ੍ਹਾਂ ਦੇ ਚੋਣ ਪ੍ਰਚਾਰ ਲਈ ਇੱਕ ਰੈਲੀ ਰੱਖੀ ਗਈ ਸੀ ਤੇ ਇਹ ਰੈਲੀ ਕਾਂਗਰਸ ਵੱਲੋਂ ਇੱਕ ਸ਼ਕਤੀ ਪ੍ਰਦਰਸ਼ਨ ਲਈ ਹੋਣੀ ਸੀ ਪਰ 31 ਜਨਵਰੀ 2017 ਦਾ ਉਹ ਦਿਨ ਇੱਕ ਦਰਦਨਾਕ ਅਤੇ ਨਾਂ ਭੁੱਲਣਯੋਗ ਦਿਨ ਬਣਕੇ ਰਹਿ ਗਿਆ। ਰੈਲੀ ਵਾਲੀ ਥਾਂ ਨੇੜ੍ਹੇ ਇੱਕ ਮਾਰੂਤੀ ਕਾਰ ਵਿੱਚ ਧਮਾਕਾ ਹੋਇਆ, ਜਿਸ ਵਿੱਚ 5 ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਧਮਾਕਾ ਕੁਕਰ ‘ਚ ਕੀਤਾ ਗਿਆ ਸੀ ਅਤੇ ਇਸ ‘ਚ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਕੀਤੀ ਗਈ ਸੀ।
ਦੱਸ ਦਈਏ ਹੈ ਕਿ ਉਸ ਸਮੇਂ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸੀ ਅਤੇ ਕਾਂਗਰਸ ਵਿਰੋਧੀ ਧਿਰ ਵਿੱਚ ਸੀ ਅਤੇ ਕਾਂਗਰਸ ਦੀ ਹੀ ਚੋਣ ਪ੍ਰਚਾਰ ਰੈਲੀ ਨਜ਼ਦੀਕ ਹੀ ਇਹ ਧਮਾਕਾ ਹੋਇਆ ਸੀ। ਇਸ ਤੋਂ ਇਲਾਵਾ ਮੋੜ ਬੰਬ ਧਮਾਕਾ ਦੇ ਤਾਰ ਡੇਰਾ ਸੱਚਾ ਸੋਧਾ ਮੁਖੀ ਰਾਮ ਰਹੀਮ ਨਾਲ ਵੀ ਜੋੜੇ ਜਾਂਦੇ ਹਨ।
ਇਸ ਬੰਬ ਬਲਾਸਟ ਨੂੰ 6 ਸਾਲ ਪੂਰੇ ਹੋ ਚੁੱਕੇ ਹਨ ਪਰ ਮੋੜ ਬੰਬ ਬਲਾਸਟ ਮਾਮਲੇ ਵਿਚ ਪੀੜਤ ਪਰਿਵਾਰ ਹਾਲੇ ਵੀ ਇਨਸਾਫ਼ ਦੀ ਉਡੀਕ ਵਿੱਚ ਹਨ। ਬੰਬ ਕਾਂਡ ਵਿੱਚ ਗਲੀ ਦੇ ਚਾਰ ਬੱਚੇ ਮੌਤ ਦੇ ਮੂੰਹ ‘ਚ ਚਲੇ ਗਏ ਸਨ। ਕਰੀਬ ਛੇ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਪਰਿਵਾਰ ਇਨਸਾਫ ਦੀ ਉਡੀਕ ਕਰ ਰਹੇ ਹਨ। ਇਨਸਾਫ਼ ਲਈ ਫੌਰੀ ਦੇਰੀ ਲਈ ਕਿਤੇ ਨਾ ਕਿਤੇ ਇਹ ਸਰਕਾਰਾਂ ਨੂੰ ਜ਼ਿੰਮੇਵਾਰ ਵੀ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਚ 2 ਐੱਸ.ਆਈ.ਟੀ ਵੱਲੋਂ ਵੀ ਜਾਂਚ ਕੀਤੀ ਗਈ ਹੈ ਪਰ ਹੱਥ ਕੁੱਝ ਨਹੀਂ ਆਇਆ ਉੱਥੇ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ‘ਚ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਬਣੇ ਸੁਖਜਿੰਦਰ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਮੌੜ ਮੰਡੀ ਧਮਾਕੇ ਦੀ ਮੁੜ ਜਾਂਚ ਕਰਵਾਈ ਜਾਵੇਗੀ।ਹਾਲਾਂਕਿ ਰੰਧਾਵਾ ਵੱਲੋਂ ਮੁੜ ਜਾਂਚ ਦੇ ਹੁਕਮਾਂ ਦਾ ਜ਼ਮੀਨੀ ਪੱਧਰ ‘ਤੇ ਕੋਈ ਅਸਰ ਨਜ਼ਰ ਨਹੀਂ ਆਇਆ। ਇਸ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਮੁੜ ਐਸ.ਆਈ.ਟੀ ਵੀ ਬਣਾਈ ਗਈ ਸੀ ਪਰ ਅਸਲ ਦੋਸ਼ੀ ਅੱਜ ਤੱਕ ਨਹੀਂ ਫੜੇ ਗਏ।