ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਆਂਧਰਾ ਪ੍ਰਦੇਸ਼ ਪੁਲਿਸ ਦੀ ਰੈੱਡ ਸੈਂਡਰਜ਼ ਐਂਟੀ-ਸਮਗਲਿੰਗ ਟਾਸਕ ਫੋਰਸ (RSASTF) ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਹੈ, ਜਿਸ ਵਿੱਚ ਲਗਭਗ 10 ਟਨ ਲਾਲ ਚੰਦਨ (ਰੈੱਡ ਸੈਂਡਲਵੁੱਡ) ਜ਼ਬਤ ਕੀਤਾ ਗਿਆ ਹੈ। ਇਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਲਗਭਗ 6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਲੱਕੜ ਆਂਧਰਾ ਪ੍ਰਦੇਸ਼ ਦੇ ਤਿਰੁਪਤੀ ਤੋਂ ਚੋਰੀ ਕਰਕੇ ਦਿੱਲੀ ਲਿਆਂਦੀ ਗਈ ਸੀ ਅਤੇ ਤੁਗਲਕਾਬਾਦ ਪਿੰਡ ਦੇ ਇੱਕ ਗੋਦਾਮ ਵਿੱਚ ਲੁਕਾਈ ਗਈ ਸੀ। ਅਗਸਤ 2025 ਵਿੱਚ ਤਿਰੁਪਤੀ ਪੁਲਿਸ ਸਟੇਸ਼ਨ ਵਿੱਚ ਲਾਲ ਚੰਦਨ ਦੀ ਚੋਰੀ ਦਾ ਕੇਸ ਰਜਿਸਟਰ ਹੋਇਆ ਸੀ। ਜਾਂਚ ਵਿੱਚ ਗ੍ਰਿਫ਼ਤਾਰ ਲੋਕਾਂ ਨੇ ਖੁਲਾਸਾ ਕੀਤਾ ਕਿ ਚੋਰੀ ਵਾਲੀ ਲੱਕੜ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਪੁਲਿਸ ਦੀ ਟੀਮ ਨੇ ਦਿੱਲੀ ਪੁਲਿਸ ਦੀ ਐੱਸਟੀਐੱਫ (ਦੱਖਣ-ਪੂਰਬ ਜ਼ਿਲ੍ਹਾ) ਨਾਲ ਸੰਪਰਕ ਕੀਤਾ ਅਤੇ 6 ਅਕਤੂਬਰ 2025 ਨੂੰ ਸਾਂਝੇ ਆਪ੍ਰੇਸ਼ਨ ਵਿੱਚ ਦਿੱਲੀ ਵਿੱਚ ਛਾਪੇਮਾਰੀ ਕੀਤੀ।
ਛਾਪੇਮਾਰੀ ਦੌਰਾਨ ਤੁਗਲਕਾਬਾਦ ਪਿੰਡ ਦੇ ਗੋਦਾਮ ਤੋਂ ਲਗਭਗ 9,500 ਕਿਲੋ ਲਾਲ ਚੰਦਨ ਜ਼ਬਤ ਹੋਇਆ ਅਤੇ ਇਰਫ਼ਾਨ (ਹੈਦਰਾਬਾਦ ਦੇ ਤੋਲੀ ਚੌਕੀ ਵਾਸੀ) ਅਤੇ ਅਮਿਤ ਸੰਪਤ ਪਵਾਰ (ਨਵੀਂ ਮੁੰਬਈ ਦੇ ਠਾਣੇ ਵਾਸੀ) ਨੂੰ ਗ੍ਰਿਫ਼ਤਾਰ ਗਿਆ।
ਤਸਕਰੀ ਦਾ ਤਰੀਕਾ
ਪੁੱਛਗਿੱਛ ਵਿੱਚ ਪਤਾ ਲੱਗਾ ਕਿ ਤਸਕਰਾਂ ਨੇ ਅਗਸਤ 2025 ਦੇ ਪਹਿਲੇ ਹਫ਼ਤੇ ਵਿੱਚ ਤਿਰੁਪਤੀ ਤੋਂ ਟਰੱਕ ਵਿੱਚ ਲੱਕੜ ਲੁਕਾ ਕੇ ਦਿੱਲੀ ਲਿਆਂਦੀ ਸੀ। ਉਹ ਇਸ ਨੂੰ ਚੀਨ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਭੇਜਣ ਦੀ ਤਿਆਰੀ ਕਰ ਰਹੇ ਸਨ, ਜਿੱਥੇ ਲਾਲ ਚੰਦਨ ਦੀ ਭਾਰੀ ਮੰਗ ਹੈ ਕਿਉਂਕਿ ਇਸ ਨੂੰ ਦਵਾਈਆਂ, ਸਜਾਵਟੀ ਵਸਤਾਂ ਅਤੇ ਰਵਾਇਤੀ ਔਸ਼ਧਾਂ ਵਿੱਚ ਵਰਤਿਆ ਜਾਂਦਾ ਹੈ। ਇਰਫ਼ਾਨ ਪਹਿਲਾਂ ਵੀ 2023 ਵਿੱਚ ਤਿਰੁਪਤੀ ਪੁਲਿਸ ਵੱਲੋਂ ਲਾਲ ਚੰਦਨ ਤਸਕਰੀ ਵਿੱਚ ਫੜਿਆ ਗਿਆ ਸੀ, ਜਦਕਿ ਅਮਿਤ ਪਹਿਲੀ ਵਾਰ ਕਾਬੂ ਕੀਤਾ ਗਿਆ ਹੈ।
ਕੁੱਲ 10 ਟਨ ਲਾਲ ਚੰਦਨ ਜ਼ਬਤ ਹੋਇਆ ਹੈ ਅਤੇ ਪੁਲਿਸ ਹੁਣ ਤਸਕਰੀ ਗਿਰੋਹ ਦੇ ਹੋਰ ਮੈਂਬਰਾਂ ਅਤੇ ਸਪਲਾਈ ਚੇਨ ਦੀ ਜਾਂਚ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।