ਕੈਨਬਰਾ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧੀ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚਲੇ ਫੈਡਰਲ ਪਾਰਲੀਮੈਂਟ ਹਾਊਸ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਸਿਡਨੀ ਸਥਿਤ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਗਲੈਨਵੁਡ ਪਾਰਕਲੀ ਦੀ ਪ੍ਰਬੰਧਕ ਕਮੇਟੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਇੱਥੇ ਆਸਟ੍ਰੇਲੀਆ ਦੇ ਭਾਈਚਾਰੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਤਿੰਨ ਮੁੱਖ ਉਪਦੇਸ਼ਾਂ ਦੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਦੇ ਸੁਨੇਹੇ ਤੋਂ ਜਾਣੂ ਕਰਵਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਵੇਲੇ ਬਾਬਾ ਜਸਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਤੇ ਗੁਰੂ ਘਰ ਦੇ ਰਾਗੀ ਭਾਈ ਸੁਬੇਗ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਸਿੱਖ ਐਸੋਸੀਸੇਸਨ ਦੇ ਸਕੱਤਰ ਸ. ਬਲਵਿੰਦਰ ਸਿੰਘ ਚਾਹਲ ਨੇ ਆਈਆਂ ਸੰਗਤਾਂ ਨੂੰ ਜੀ ਆਇਆ ਕਿਹਾ ਤੇ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਅਤੇ ਬਰਾਬਰੀ ਵਾਲੇ ਸੰਦੇਸ਼ ਨੂੰ ਵਿਆਪਕ ਭਾਈਚਾਰੇ ਨਾਲ ਸਾਂਝਾ ਕੀਤਾ। ਰਮਣੀਕ ਸਿੰਘਵੱਲੋਂ ਮੂਲ ਮੰਤਰ ਦੇ ਜਾਪ ਦੀਆਂ ਮਹੱਤਵ ਪੂਰਨ ਮਿਸਾਲਾਂ ਦਿੱਤੀਆਂ ਗਈਆਂ। ਜਸਬੀਰ ਸਿੰਘ ਥਿੰਦ ਨੇ ਗੁਰੂ ਸਾਹਿਬ ਵੱਲੋਂ ਕੀਤੀਆਂ ਉਦਾਸੀਆਂ ਤੇ ਵਿਸਥਾਰਿਤ ਚਾਨਣਾ ਪਾਇਆ। ਹਰਬੰਸ ਸਿੰਘ ਬਰਿਆਣਾ ਨੇ ਆਸਟ੍ਰੇਲੀਆ ਦੇ ਬਹੁ ਕੌਮੀ ਭਾਈਚਾਰੇ ਵਿੱਚ ਸਿੱਖਾਂ ਦੀ ਭੂਮਿਕਾ ਦੀ ਹਵਾਲੇ ਦੇ ਕੇ ਗੱਲ ਕੀਤੀ।
ਸਮਾਗਮ ਵਿੱਚ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਐਲਿਕਸ ਹਾਕ, ਇੰਮੀਗ੍ਰੇਸਨ ਮੰਤਰੀ ਡੇਵਿਡ ਕੋਲਮੈਨ, ਮੰਤਰੀ ਐਲਨ ਟੱਜ, ਊਰਜਾ ਮੰਤਰੀ ਐਂਗਸ ਟੇਲਰ, ਮੈਂਬਰ ਪਾਰਲੀਮੈਂਟ ਜੇਸਨ ਵੁੱਡ, ਜੂਲ਼ੀਅਨ ਲੀਜਰ, ਫਿਓਨਾ ਮਾਰਟਨ, ਸ਼ੈਡੋ ਮਨਿਸਟਰ ਮਿਸ਼ੇਲ ਰੋਲੈਂਡ, ਸੈਨੇਟਰ ਹੋਲੀ ਹਿਊਜ਼ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਿਧਾਈਆਂ ਦਿੰਦਿਆਂ ਕਿਹਾ ਹੈ ਕਿ ਗੁਰੂ ਸਾਹਿਬ ਦੇ ਉਪਦੇਸ ਪੂਰੇ ਸਮਾਜ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਹਨ। ਉਨ੍ਹਾਂ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਵੱਲੋਂ ਆਸਟ੍ਰੇਲੀਆ ਦੇ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਵੀ ਸੰਲਾਘਾ ਕੀਤੀ।
ਸਿੱਖ ਸੰਗਤਾਂ ਵੱਲੋਂ ਆਈਆਂ ਰਾਜਸੀ ਸ਼ਖ਼ਸੀਅਤਾਂ ਨੂੰ ਹਰਿਮੰਦਰ ਸਾਹਬ ਦੀ ਤਸਵੀਰ ਯਾਦਗਾਰੀ ਚਿੰਨ ਵਜੋਂ ਭੇਟ ਕੀਤੀ ਗਈ। ਇਸ ਮੌਕੇ ਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਸੋਮਲ, ਮਹਿੰਗਾ ਸਿੰਘ ਖੱਖ, ਹਰਦੀਪ ਸਿੰਘ , ਬਲਵੀਰ ਸਿੰਘ ਪਵਾਰ ਤੇ ਚਰਨਜੀਤ ਸਿੰਘ ਅਟਵਾਲ ਵੀ ਹਾਜ਼ਰ ਸਨ।
Excellent covering on very short notice.