ਅਮਰੀਕਾ ‘ਚ ਦੋ ਪੰਜਾਬੀ ਟਰੱਕ ਡਰਾਈਵਰ ਕੋਕੀਨ ਸਣੇ ਕਾਬੂ

TeamGlobalPunjab
2 Min Read

ਪੋਰਟਰ ਕਾਊਂਟੀ: ਅਮਰੀਕਾ ਦੇ ਇੰਡੀਆਨਾ ਸੂਬੇ ‘ਚ ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 50 ਕਿਲੋ ਕੋਕੀਨ ਬਰਾਮਦ ਹੋਈ ਹੈ। ਇਨਾਂ ਦੀ ਪਛਾਣ 37 ਸਾਲਾ ਬਲਜਿੰਦਰ ਸਿੰਘ ਅਤੇ 32 ਸਾਲਾ ਗੁਰਵਿੰਦਰ ਸਿੰਘ ਵਜੋਂ ਹੋਈ ਹੈ।

ਇੰਡੀਆਨਾ ਸਟੇਟ ਪੁਲਿਸ ਦੇ ਸਾਰਜੈਂਟ ਗਲੇਨ ਵੀਵਿਲਡ ਨੇ ਦੱਸਿਆ ਕਿ ਇੰਡੀਆਨਾ ਦੇ ਇਟਰਸਟੇਟ I-94 ਈਸਟਬਾਊਂਡ ਦੇ ਵੇਅ ਸਟੇਸ਼ਨ ‘ਤੇ ਵੋਲਵੋ 2016 ਮਾਡਲ ਟਰੱਕ ਨੂੰ ਜਾਂਚ ਲਈ ਰੋਕਿਆ ਗਿਆ, ਜਿਸ ਵਿੱਚ 18 ਹਜ਼ਾਰ ਪਾਊਂਡ ਬਰੀਕ ਲਸਣ ਲੱਦਿਆ ਹੋਇਆ ਸੀ। ਇਹ ਟਰੱਕ ਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ਼ ਦੀ ਕੰਪਨੀ ਅਮੈਰੀਕਨ ਰੋਡੀਜ਼ ਇਨਕਾਰਪੋਰੇਸ਼ਨ ਦਾ ਸੀ। ਪੁਲਿਸ ਨੇ ਜਦੋਂ ਇਸ ਟਰੱਕ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਇਸ ਵਿੱਚ ਕਾਲੇ ਰੰਗ ਦਾ ਬੈਗ ਬਰਾਮਦ ਹੋਇਆ, ਜਿਸ ‘ਚੋਂ 50 ਕਿੱਲੋ ਕੋਕੀਨ ਬਰਾਮਦ ਹੋਈ।

ਪੁਲਿਸ ਮੁਤਾਬਕ ਇਸ ਕੋਕੀਨ ਦੀ ਕੀਮਤ ਅੰਦਾਜ਼ਨ 2 ਮਿਲੀਅਨ ਡਾਲਰ ਬਣਦੀ ਹੈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੱਕ ਦੇ ਦੋਵੇਂ ਡਰਾਈਵਰਾਂ ਬਲਜਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਨਾਂ ‘ਚੋਂ 37 ਸਾਲਾ ਬਲਜਿੰਦਰ ਸਿੰਘ ਕੈਲੀਫੋਰਨੀਆ ਦੇ ਇੰਡੀਓ ਸ਼ਹਿਰ ਅਤੇ 32 ਸਾਲਾ ਗੁਰਵਿੰਦਰ ਸਿੰਘ ਕੈਲੀਫੋਰਨੀਆ ਦੇ ਰਿਵਰਸਾਈਡ ਸ਼ਹਿਰ ਦਾ ਵਾਸੀ ਹੈ। ਇਨ੍ਹਾਂ ਦੋਵਾਂ ਪੰਜਾਬੀ ਟਰੱਕ ਡਰਾਈਵਰਾਂ ‘ਤੇ ਕੋਕੀਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਦੋਵਾਂ ਨੂੰ ਇੰਡੀਆਨਾ ਦੀ ਪੋਰਟਰ ਕਾਊਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ।

Share this Article
Leave a comment