ਬਰੈਂਪਟਨ: ਕੈਨੇਡਾ ਵਿਚ ਗੱਡੀਆਂ ਚੋਰੀ ਕਰਨ ਦੇ ਦੋਸ਼ ਹੇਂਠ ਪੁਲਿਸ ਵੱਲੋਂ 5 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲਾ ਮਾਮਲਾ ਟੋਰਾਂਟੋ ਦੇ ਇਕ ਘਰ ਵਿਚੋਂ ਕਾਰ ਚੋਰੀ ਕਰਨ ਨਾਲ ਸਬੰਧਤ ਹੈ ਅਤੇ ਪੁਲਿਸ ਬਰੈਂਪਟਨ ਦੇ ਕੁਦਰਤਬੀਰ ਸਿੰਘ ਅਤੇ ਇਟੋਬੀਕੋਕ ਦੇ ਸੁਤੰਤਰਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਦੂਜੇ ਮਾਮਲੇ ਵਿਚ ਬਰੈਂਪਟਨ ਦੇ ਜਸਕਰਨ ਸੰਧੂ, ਜਗਸੀਰ ਸਿੱਧੂ ਅਤੇ ਅਰਜੁਨ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ।
ਓਨਟਾਰੀਓ ਪੁਲਿਸ ਨੇ ਦੱਸਿਆ ਕਿ 24 ਸਾਲ ਦੇ ਸੁਤੰਤਰਬੀਰ ਸਿੰਘ ਅਤੇ 22 ਸਾਲ ਦੇ ਕੁਦਰਤਬੀਰ ਸਿੰਘ ਨੂੰ ਕੈਲੇਡਨ ਦੇ ਇਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਮੁਤਾਬਕ ਟੋਰਾਂਟੋ ਦੇ ਇਕ ਵਸਨੀਕ ਨੇ ਗੱਡੀ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਬਾਅਦ ਵਿਚ ਉਸ ਨੇ ਆਪਣੀ ਗੱਡੀ ਹਾਈਵੇਅ 50 ਤੇ ਮੈਕਈਵਾਲ ਡਰਾਈਵ ਇਲਾਕੇ ਦੇ ਇਕ ਹੋਟਲ ਵਿਚ ਖੜੀ ਵੇਖੀ।
ਸੁਤੰਤਰਬੀਰ ਸਿੰਘ ਖਿਲਾਫ 5 ਹਜ਼ਾਰ ਡਾਲਰ ਤੋਂ ਵੱਧ ਦੀ ਚੀਜ਼ ਚੋਰੀ ਤੋਂ ਇਲਾਵਾ ਪ੍ਰੋਬੇਸ਼ਨ ਹੁਕਮਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿਣ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ ਕੁਦਰਤਬੀਰ ਸਿੰਘ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੀਜ਼ ਚੋਰੀ ਕਰਨ ਦਾ ਦੋਸ਼ ਲਾਇਆ ਗਿਆ ਹੈ।
ਉੱਥੇ ਦੂਜੇ ਪਾਸੇ ਪੀਲ ਰੀਜਨਲ ਪੁਲਿਸ ਨੇ ਵੀ ਗੱਡੀ ਚੋਰੀ ਕਰਨ ਦੇ ਮਾਮਲੇ ਵਿਚ 36 ਸਾਲ ਦੇ ਜਸਕਰਨ ਸੰਧੂ, 30 ਸਾਲ ਦੇ ਜਗਸੀਰ ਸਿੰਧੂ ਅਤੇ 23 ਸਾਲ ਦੇ ਅਰਜੁਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਕੀਤੀ ਗਈ ਪੜਤਾਲ ਮੁਤਾਬਕ 21 ਫ਼ਰਵਰੀ ਨੂੰ ਗੱਡੀ ਚੋਰੀ ਕੀਤੀ ਗਈ ਅਤੇ ਤਿੰਨੇ ਜਣੇ ਉਸ ਵਿਚ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ।