ਸਮਾਣਾ : ਤੁਸੀਂ ਲੜਾਈ ਝਗੜੇ ਦੀਆਂ ਵਾਰਦਾਤਾਂ ਬਾਰੇ ਤਾਂ ਅਕਸਰ ਸੁਣਦੇ ਹੀ ਰਹਿੰਦੇ ਹੋ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮਾਮਲੇ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ‘ਤੇ ਪੰਜਾਬੀ ਦੀ ਕਹਾਵਤ “ਦਾਹੜੀ ਨਾਲੋਂ ਮੁੱਛਾਂ ਲੰਬੀਆਂ”ਫਿੱਟ ਬੈਠਦੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਸਮਾਣਾ ਦੇ ਅਮਾਮਗੜ੍ਹ ਮੁਹੱਲੇ ‘ਚ ਵਾਪਰੀ ਇੱਕ ਅਜਿਹੀ ਘਟਨਾ ਨੂੰ ਦੇਖ ਕੇ, ਜਿਸ ਵਿੱਚ ਦੋ ਧਿਰਾਂ ਆਪਸ ਵਿੱਚ ਸਿਰਫ 500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਖੂਨੀ ਟਕਰਾਅ ‘ਤੇ ਉਤਰ ਆਈਆਂ ਤੇ ਨਤੀਜਾ ਇਹ ਨਿੱਕਲਿਆ ਕਿ ਪੁਲਿਸ ਨੇ ਕੁੱਲ 20 ਬੰਦਿਆਂ ‘ਤੇ ਪਰਚਾ ਦਰਜ ਕਰ ਦਿੱਤਾ ਹੈ। ਜਿਸ ਨੂੰ ਦੇਖ ਕੇ ਸਮਝੌਤਿਆਂ ਦੇ ਮਾਹਰ ਲੋਕ ਇਹ ਤਰਕ ਦਿੰਦੇ ਹਨ ਕਿ, ਕੀ ਲੋੜ ਸੀ ਆਪਸ ‘ਚ ਲੜਨ ਦੀ? ਜੇ ਸਾਰੇ ਜਣੇ 25-25 ਰੁਪਏ ਵੀ ਪਾਉਂਦੇ ਤਾਂ ਵੀ ਮਸਲੇ ਦਾ ਹੱਲ ਹੋ ਜਾਣਾ ਸੀ? ਹੁਣ ਅਜਿਹਾ ਪੰਗਾ ਪਿਆ ਹੈ, ਜਿਸ ਨੂੰ ਸੁਲਝਾਉਣ ਲਈ ਨਾ ਸਿਰਫ ਢੇਰਾਂ ਰੁਪਏ ਲੱਗਣਗੇ ਬਲਕਿ ਜੇਲ੍ਹ ਦੀ ਹਵਾ ਅੱਡ ਖਾਣੀ ਪਵੇਗੀ। ਕਿਉਂ ਹੋ ਗਈਆਂ ਨਾ ਦਾਹੜੀ ਨਾਲੋਂ ਮੁੱਛਾਂ ਲੰਬੀਆਂ?
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਮਾਣਾ ਦੇ ਸਹਾਇਕ ਥਾਣੇਦਾਰ ਜੈ ਪ੍ਰਕਾਸ਼ ਦਾ ਕਹਿਣਾ ਹੈ ਕਿ ਇਹ ਝਗੜਾ ਵਿਕਰਮ ਸਿੰਘ ਪੁੱਤਰ ਜੱਗਾ ਸਿੰਘ ਅਤੇ ਗੁੱਡੀ ਪਤਨੀ ਜੋਗਿੰਦਰ ਰਾਮ ਦੇ ਵਿਚਕਾਰ ਉਧਾਰ ਦੇ ਪੈਸੇ ਮੰਗਣ ਨੂੰ ਲੈ ਕੇ ਹੋਇਆ ਹੈ ਤੇ ਦੇਖਦਿਆਂ ਹੀ ਦੇਖਦਿਆਂ ਇਹ ਝਗੜਾ ਇੰਨਾਂ ਵਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ ਅਤੇ ਦੋਵਾਂ ਧਿਰਾਂ ਦੇ ਹਿਮਾਇਤੀ ਅਤੇ ਇਹ ਦੋਵੇਂ ਪਰਿਵਾਰ ਆਪਸ ਵਿੱਚ ਉਲਝ ਗਏ। ਜੈ ਪ੍ਰਕਾਸ਼ ਅਨੁਸਾਰ ਇਹ ਲੜਾਈ ਇੰਨੀ ਭਿਆਨਕ ਸੀ ਇਸ ਦੌਰਾਨ ਘਸੁੰਨ, ਮੁੱਕਿਆਂ ਦੇ ਨਾਲ ਨਾਲ ਹਥਿਆਰਾਂ ਦੀ ਵੀ ਵਰਤੋਂ ਕੀਤੀ ਗਈ। ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਤੇ ਉਹ ਜ਼ੇਰੇ ਇਲਾਜ਼ ਹਨ। ਪੁਲਿਸ ਨੇ ਦੋਵਾਂ ਧਿਰਾਂ ਖਿਲਾਫ ਕਰਾਸ ਪਰਚਾ ਦਰਜ ਕਰਕੇ 20 ਬੰਦਿਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਹੈ।
ਮੁੱਕਦੀ ਗੱਲ ਪੁਲਿਸ ਨੇ ਇਨ੍ਹਾਂ ਸਾਰਿਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ ਤੇ ਮਾਮਲਾ ਅੱਗੇ ਅਦਾਲਤ ਵਿੱਚ ਜਾਵੇਗਾ। ਉਸ ਅਦਾਲਤ ਵਿੱਚ ਜਿੱਥੇ ਇੱਕ ਬੰਦੇ ਦਾ ਕੇਸ ਲੜਨ ਲਈ ਵਕੀਲ ਦੀ ਫੀਸ ਲਗਭਗ 30 ਹਜ਼ਾਰ ਅਤੇ ਜੁੱਤੀਆਂ ਦੀ ਘਸਾਈ ਤੋਂ ਇਲਾਵਾ ਪੁਲਿਸ ਵਾਲਿਆਂ ਦੀਆਂ ਗਾਲਾਂ, ਝਿੜਕਾਂ ਤੇ ਕਿਤੇ ਕਿਤੇ ਧੌਲ ਧੱਫੇ ਤੇ ਜੇਲ੍ਹ ਯਾਤਰਾ ਦੇ ਨਾਲ ਨਾਲ ਜਿਹੜਾ ਸਾਲਾਂਬੱਧੀ ਅਦਾਲਤਾਂ ਦੇ ਚੱਕਰ ਕੱਟ ਕੇ ਸਮਾਂ ਬਰਬਾਦ ਹੋਵੇਗਾ ਉਹ ਅੱਡ। ਹੁਣ ਜੇਕਰ ਸਿਰਫ ਵਕੀਲ ਦੀ ਫੀਸ 30 ਹਜ਼ਾਰ ਰੁਪਏ ਨੂੰ ਹੀ 20 ਜਗ੍ਹਾ ਗੁਣਾ ਕੀਤਾ ਜਾਵੇ ਤਾਂ ਕੁੱਲ ਰਕਮ ਛੇ ਲੱਖ ਰੁਪਏ ਬਣਦੀ ਹੈ ਤੇ ਅੰਤ ਵਿੱਚ ਗੱਲ ਉੱਥੇ ਹੀ ਆ ਗਈ ਕਿ ਝਗੜਾ ਸਿਰਫ 5 ਸੌ ਰੁਪਏ ਦਾ ਸੀ, ਤੇ ਅਸੀਂ ਫਿਰ ਉਹੀ ਪੁੱਛਾਂਗੇ ਕਿ ਕਿਉਂ ਹੋ ਗਈਆਂ ਨਾ ਦਾਹੜੀ ਨਾਲੋਂ ਮੁੱਛਾਂ ਲੰਬੀਆਂ।