ਨਿਊਜ਼ ਡੈਸ਼ਕ: ਪੂਰਵਾਂਚਲ ਐਕਸਪ੍ਰੈਸ ‘ਤੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਟੈਂਪੂ ਟਰੈਵਲਰ ਦੀ ਸੜਕ ਕਿਨਾਰੇ ਖੜ੍ਹੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਲਖਨਊ ਗੋਸਾਈਗੰਜ ਹਸਪਤਾਲ ਲਿਆਂਦਾ ਜਾ ਰਿਹਾ ਹੈ। ਇਹ ਸਾਰੇ ਲੋਕ ਮਹਾਕੁੰਭ ‘ਚ ਇਸ਼ਨਾਨ ਕਰਕੇ ਅਯੁੱਧਿਆ ਜਾ ਰਹੇ ਸਨ। ਇਸ ਟੈਂਪੂ ਟਰੈਵਲਰ ‘ਚ 23 ਲੋਕ ਸਵਾਰ ਸਨ। ਮਰਨ ਵਾਲਿਆਂ ‘ਚ ਇਕ ਔਰਤ ਅਤੇ 3 ਪੁਰਸ਼ ਸ਼ਾਮਲ ਹਨ।
ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੇ ਐਸ.ਪੀ ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਨਾਲ ਭਰੀ ਟੈਂਪੂ ਟਰੈਵਲਰ ਟੂਰਿਸਟ ਗੱਡੀ ਤੇਜ਼ ਰਫ਼ਤਾਰ ‘ਚ ਸੀ ਅਤੇ ਇਹ ਬੇਕਾਬੂ ਹੋ ਕੇ ਖ਼ਰਾਬ ਖੜ੍ਹੀ ਟੂਰਿਸਟ ਬੱਸ ‘ਚ ਜਾ ਟਕਰਾਇਆ। ਇਸ ਹਾਦਸੇ ‘ਚ ਟਰੈਵਲਰ ‘ਚ ਸਵਾਰ ਇਕ ਔਰਤ ਅਤੇ 3 ਪੁਰਸ਼ਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਦੋ ਹੋਰ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਲਖਨਊ ਟਰਾਮਾ ਸੈਂਟਰ ਭੇਜਿਆ ਗਿਆ ਹੈ। ਘਟਨਾ ਤੋਂ ਬਾਅਦ ਟਰੈਵਲਰ ਗੱਡੀ ਦਾ ਡਰਾਈਵਰ ਗੱਡੀ ਛੱਡ ਕੇ ਫ਼ਰਾਰ ਹੋ ਗਿਆ। ਟੈਂਪੂ ਟਰੈਵਲਰ ਗੱਡੀ ਵਿੱਚ ਡੇਢ ਦਰਜਨ ਦੇ ਕਰੀਬ ਸ਼ਰਧਾਲੂ ਸਵਾਰ ਸਨ। ਖ਼ਰਾਬ ਪਾਰਕ ਕੀਤੀ ਟੂਰਿਸਟ ਬੱਸ ਵੀ ਛੱਤੀਸਗੜ੍ਹ ਤੋਂ ਵਰਿੰਦਾਵਨ ਰਾਹੀਂ ਅਯੁੱਧਿਆ ਜਾ ਰਹੀ ਸੀ। ਉਸੇ ਸਮੇਂ ਸ਼ਰਧਾਲੂਆਂ ਨਾਲ ਭਰੀ ਇਕ ਟੈਂਪੂ ਟਰੈਵਲਰ ਗੱਡੀ ਮਹਾਰਾਸ਼ਟਰ ਤੋਂ ਵਿੰਦਾਵਨ ਦੇ ਰਸਤੇ ਅਯੁੱਧਿਆ ਜਾ ਰਹੀ ਸੀ। ਇਹ ਘਟਨਾ ਲੋਨੀ ਕਟੜਾ ਥਾਣਾ ਖੇਤਰ ਦੇ ਅਧੀਨ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਵਾਪਰੀ।
ਪੁਲਿਸ ਸੁਪਰਡੈਂਟ (ਐਸ. ਪੀ) ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਲੋਨੀ ਕਟੜਾ ਪੁਲਸ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਟੈਂਪੂ ਟਰੈਵਲਰ ‘ਚ ਫਸੇ ਲੋਕਾਂ ਨੂੰ ਕਟਰ ਮਸ਼ੀਨ ਦੀ ਮਦਦ ਨਾਲ ਬਾਹਰ ਕੱਢਿਆ। ਸਿੰਘ ਨੇ ਦੱਸਿਆ ਕਿ ਦੋ ਜ਼ਖਮੀਆਂ ਨੂੰ ਲਖਨਊ ਟਰਾਮਾ ਸੈਂਟਰ ਅਤੇ ਚਾਰ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਐਸ. ਪੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਹ ਹਾਦਸਾ ਟੈਂਪੋ ਟਰੈਵਲਰ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਵਾਪਰਿਆ।