ਅੰਮ੍ਰਿਤਸਰ :ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹਮਲੇ ਤੋਂ ਢਾਈ ਸਾਲ ਬਾਅਦ, ਹੁਣ ਇਸ ਮਾਮਲੇ ਦੀ ਸੁਣਵਾਈ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਹੋਵੇਗੀ। ਇਹ ਮਾਮਲਾ ਅਜਨਾਲਾ ਅਦਾਲਤ ਤੋਂ ਅੰਮ੍ਰਿਤਸਰ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ, ਵੀਰਵਾਰ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਰੇ 9 ਸਾਥੀਆਂ ਸਮੇਤ ਕੁੱਲ 38 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹੁਣ ਇਨ੍ਹਾਂ ਸਾਰਿਆ ਵਿਰੁੱਧ ਸੁਣਵਾਈ ਅਜਨਾਲਾ ਅਦਾਲਤ ਦੀ ਬਜਾਏ ਅੰਮ੍ਰਿਤਸਰ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਵਿੱਚ ਸ਼ੁਰੂ ਹੋ ਗਈ ਹੈ।
ਇਸ ਮਾਮਲੇ ਦੀ ਸੁਣਵਾਈ ਦੌਰਾਨ, ਅਦਾਲਤ ਨੇ ਐਫਆਈਆਰ ਵਿੱਚ ਨਾਮਜ਼ਦ ਅੰਮ੍ਰਿਤਪਾਲ ਸਿੰਘ ਦੇ ਨੌਂ ਸਾਥੀਆਂ ਸਮੇਤ ਸਾਰੇ 38 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਜਿਵੇਂ ਹੀ ਪੁਲਿਸ ਮੁਲਜ਼ਮਾਂ ਨੂੰ ਲੈ ਕੇ ਅਦਾਲਤ ਪਹੁੰਚੀ, ਉੱਥੇ ਮੀਡੀਆ ਕਰਮਚਾਰੀਆਂ ਨੂੰ ਦੇਖ ਕੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਨੇ ਕਿਹਾ- ਰਾਜ ਕਰੇਗਾ ਖਾਲਸਾ । ਉਸਨੇ ਕਿਹਾ ਕਿ ਜਿਹੜੇ ਦੋਸ਼ ਭਾਈ ਸਾਹਿਬ (ਅੰਮ੍ਰਿਤਪਾਲ ਸਿੰਘ) ‘ਤੇ ਲਾਏ ਹਨ ਕਿ ਉਹ ਨਸ਼ਾ ਕਰਦੇ ਹਨ ਪੂਰੀ ਤਰ੍ਹਾਂ ਝੂਠੇ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਕੁੱਟ-ਕੁੱਟ ਕੇ ਹਜ਼ਾਰਾਂ ਕਾਗਜ਼ਾਂ ‘ਤੇ ਦਸਤਖਤ ਕਰਵਾਏ ਹਨ। ਨਸ਼ਿਆਂ ਬਾਰੇ ਬਿਆਨ, ਕੁੜੀਆਂ ਬਾਰੇ ਬਿਆਨ, ਸਭ ਝੂਠੇ ਹਨ।
ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਉਨ੍ਹਾਂ ਦੇ ਮੁਕਦਮਿਆਂ ਵਿੱਚ ਚਾਰਜ ਫਾਈਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਜਿਹੀਆਂ ਧਾਰਾਵਾਂ ਜਿਵੇਂ ਕਿ ਧਾਰਾ 307 ਅਤੇ ਹੋਰ ਗੰਭੀਰ ਕਾਨੂੰਨੀ ਧਾਰਾਵਾਂ ਹੇਠ ਇਹ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੇਸ ਝੂਠੇ ਹਨ ਅਤੇ ਕੇਵਲ ਫੈਬਰਿਕੇਟ ਕੀਤੇ ਗਏ ਹਨ, ਤਾਂ ਜੋ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਇਲਾਵਾ ਸਾਰੇ ਸਾਥੀਆਂ ਨੂੰ ਅੱਜ ਅਦਾਲਤ ‘ਚ ਲਿਆਦਾਂ ਗਿਆ, ਜਿਵੇਂ ਕਿ ਹਰਜੀਤ ਸਿੰਘ, ਪਪਲਪ੍ਰੀਤ ਸਿੰਘ ਭਗਵੰਤ ਸਿੰਘ ਬਾਜੇਕੇ ਅਤੇ ਹੋਰ। ਇਨ੍ਹਾਂ ਨੂੰ ਮੁੜ ਜੇਲ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਅਗਲੀ ਤਾਰੀਖ ਵੀ ਜਲਦ ਆਉਣ ਦੀ ਸੰਭਾਵਨਾ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਉਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਵਕੀਲ ਨੇ ਇਹ ਵੀ ਦੱਸਿਆ ਕਿ ਸਰਬਜੀਤ ਸਿੰਘ ਕਲਸੀ ਦੀ ਜਮਾਨਤ ਮਾਮਲਾ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਅਤੇ ਅਗਲੇ ਹਫ਼ਤੇ ਸੁਣਵਾਈ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਐਨਐਸਏ ਹਟਾਏ ਜਾਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਨੌਂ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ ਸੀ।ਇਨ੍ਹਾਂ ਵਿੱਚ ਪ੍ਰਧਾਨ ਬਾਜੇਕੇ, ਪੱਪਲਪ੍ਰੀਤ ਸਿੰਘ, ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਮੀਤ ਸਿੰਘ, ਜੀਤ ਸਿੰਘ, ਹਰਜੀਤ ਸਿੰਘ, ਵਿਕਰਮਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਤੂਫਾਨ ਸ਼ਾਮਿਲ ਹਨ।