ਬਰੈਂਪਟਨ : ਕੈਨੇਡਾ ਵਿਖੇ ਔਰਤ ਨਾਲ ਛੇੜਛਾੜ ਕਰਨ ਦੇ ਮਾਮਲੇ ‘ਚ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਦੀ ਪਛਾਣ 33 ਸਾਲਾ ਮਨਵੀਰ ਸੰਧੂ ਵਜੋਂ ਹੋਈ ਹੈ। ਪੁਲਿਸ ਨੇ ਸੰਧੂ ਨੂੰ 31 ਦਸੰਬਰ ਦੀ ਵਾਰਦਾਤ ਤਹਿਤ ਗ੍ਰਿਫਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਅਤੇ ਛੇੜਛਾੜ ਕਰਨ ਦੇ ਦੋਸ਼ ਆਇਦ ਕੀਤੇ ਗਏ।
ਪੁਲਿਸ ਨੇ ਦੱਸਿਆ ਕਿ 31 ਦਸੰਬਰ ਨੂੰ ਰਾਤ ਲਗਭਗ 10 ਵਜੇ ਇਕ ਔਰਤ ਬਰੈਂਪਟਨ ਦੇ ਟੌਰਬ੍ਰਮ ਰੋਡ ਅਤੇ ਪੀਟਰ ਰੌਬਰਟਸਨ ਬੌਲਵਾਰਡ (Torbram Road and Peter Robertson Boulevard) ‘ਚ ਆਪਣੇ ਘਰ ਨੇੜੇ ਸੈਰ ਕਰ ਰਹੀ ਸੀ ਕਿ ਅਚਾਨਕ ਇਕ ਵਿਅਕਤੀ ਆਇਆ ਅਤੇ ਉਸ ਨਾਲ ਬਦਤਮੀਜ਼ੀ ਕਰਨ ਲੱਗਿਆ। ਦੋਹਾਂ ਵਿਚਾਲੇ ਹੱਥੋਪਾਈ ਦੌਰਾਨ ਉਸ ਨੌਜਵਾਨ ਦਾ ਚਿਹਰਾ ਨੰਗਾ ਹੋ ਗਿਆ।
ਜਾਂਚਕਰਤਾਵਾਂ ਨੇ ਉਸ ਦੀ ਪਛਾਣ ਮਨਵੀਰ ਸੰਧੂ ਵਜੋਂ ਕਰਦਿਆਂ 9 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905-453-2121 ਐਕਸਟੈਨਸ਼ਨ 2233 ‘ਤੇ ਸੰਪਰਕ ਕਰੇ।