ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਵਾਲੇ ਪਾਸਿਓਂ 325 ਸਿੱਖ ਸ਼ਰਧਾਲੂ ਪਾਕਿਸਤਾਨ ਜਾਣਗੇ। ਪਾਕਿਸਤਾਨ ਨੇ 325 ਸ਼ਰਧਾਲੂਆਂ ਨੂੰ ਹੀ ਵੀਜ਼ਾ ਦਿੱਤਾ ਹੈ। ਇਹ ਜੱਥਾ 27 ਨਵੰਬਰ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਜਾਣਗੇ। ਜਿਸ ਤੋਂ ਬਾਅਦ ਉਥੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਕੇ ਪੰਜ ਦਿਨ ਬਾਅਦ ਵਤਨ ਵਾਪਸ ਆਉਣਗੇ। ਕਿਉਂਕਿ ਇਸ ਵਾਰ ਪਾਕਿਸਤਾਨ ਨੇ ਸ਼ਰਧਾਲੂਆਂ ਨੂੰ ਸਿਰਫ਼ 5 ਦਿਨ ਦਾ ਹੀ ਵੀਜ਼ਾ ਦਿੱਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਜਾਣ ਲਈ ਕੁੱਲ 504 ਸਿੱਖ ਸ਼ਰਧਾਲੂਆਂ ਨੇ ਵੀਜ਼ਾ ਲਈ ਅਪਾਲਈ ਕੀਤਾ ਸੀ ਜਿਹਨਾਂ ‘ਚੋਂ 179 ਸ਼ਰਧਾਲੂਆਂ ਦਾ ਵੀਜ਼ਾ ਮੰਜ਼ੂਰ ਨਹੀਂ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 30 ਨਵੰਬਰ ਨੂੰ ਪੂਰੀ ਦੁਨੀਆਂ ‘ਚ ਮਨਾਇਆ ਜਾਵੇਗਾ।
551ਵੇਂ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਸਿੱਖ ਸੰਗਤ ‘ਚ ਕਾਫ਼ੀ ਖੁਸ਼ੀ ਦੀ ਲਹਿਰ ਹੈ। ਜਿਸ ਤਹਿਤ ਪਹਿਲਾ ਜੱਥਾ 27 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਹੋ ਜਾਵੇਗਾ। ਹਲਾਂਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਨੇ ਸੰਗਤਾਂ ਲਈ ਖੋਲ੍ਹਿਆ ਹੋਇਆ ਹੈ। ਪਰ ਭਾਰਤ ਸਰਕਾਰ ਨੇ ਲਾਂਘਾ ਖੋਲ੍ਹਣ ਸਬੰਧੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ।
ਲਾਂਘੇ ਰਾਹੇ ਪਾਕਿਸਤਾਨ ਜਾਣ ਲਈ ਵੀਜ਼ਾ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ। ਦਸਤਾਵੇਜ਼ ਵੱਜੋਂ ਸਿਰਫ਼ ਪਾਸਪੋਰਟ ਦਿਖਾਏ ਜਾਣ ‘ਤੇ ਹੀ ਲਾਂਘਾ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕੀਤੀ ਜਾ ਸਕਦੀ ਹੈ। ਲਾਂਘਾ ਭਾਰਤ ਵਾਲੇ ਪਾਸਿਓਂ ਬੰਦ ਹੋਣ ਕਾਰਨ ਹਾਲ ਦੀ ਘੜੀ ਸਿੱਖ ਸੰਗਤ ਵੀਜ਼ਾ ਲੈ ਕੇ ਪਾਕਿਸਤਾਨ ਜਾ ਰਹੀ ਹੈ।