ਕੈਨੇਡਾ ‘ਚ ਕ੍ਰੈਡਿਟ ਕਾਰਡ ਚੋਰੀ ਕਰਨ ਦੇ ਮਾਮਲੇ ‘ਚ 29 ਸਾਲਾ ਪੰਜਾਬੀ ਨੌਜਵਾਨ ਗ੍ਰਿਫ਼ਤਾਰ

TeamGlobalPunjab
2 Min Read

ਬਰੈਂਪਟਨ: ਬਰੈਂਪਟਨ ਸ਼ਹਿਰ ਦੇ ਵਸਨੀਕ ਜਸਪ੍ਰੀਤ ਸਿੰਘ ਨੂੰ ਕ੍ਰੈਡਿਟ ਕਾਰਡ ਚੋਰੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਉਸ ਦਾ ਸਾਥੀ ਹਾਲੇ ਤੱਕ ਫ਼ਰਾਰ ਹੈ। ਸ਼ੱਕੀ ਹਾਲਾਤ ‘ਚ ਖੜ੍ਹੀ ਗੱਡੀ ਬਾਰੇ ਇਤਲਾਹ ਮਿਲਣ ‘ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਫ਼ਸਰ ਬੋਲਟਨ ਦੇ ਵਾਲਮਾਰਟ ਪਲਾਜ਼ਾ ਵਿਚ ਪੁੱਜੇ।

ਜਾਂਚ-ਪੜਤਾਲ ਦੌਰਾਨ ਗੱਡੀ ਚੋਰੀ ਦੀ ਨਿਕਲੀ ਅਤੇ 29 ਸਾਲਾ ਬਰੈਂਪਟਨ ਦੇ ਵਸਨੀਕ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਸਪ੍ਰੀਤ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਆਪਣੇ ਕੋਲ ਰੱਖਣ, ਕ੍ਰੈਡਿਟ ਕਾਰਡ ਚੋਰੀ ਕਰਨ ਅਤੇ ਕਿਸੇ ਦੇ ਸ਼ਨਾਖਤੀ ਦਸਤਾਵੇਜ਼ ਆਪਣੇ ਕੋਲ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਜਸਪ੍ਰੀਤ ਸਿੰਘ ਦੀ ਔਰੇਂਜਵਿਲ ਪ੍ਰੋਵਿਨਸ਼ੀਅਲ ਕੋਰਡ ‘ਚ ਪੇਸ਼ੀ ਅਗਲੇ ਸਾਲ ਜਨਵਰੀ ‘ਚ ਹੋਵੇਗੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦਾ ਸਾਥੀ ਹੁਣ ਤੱਕ ਫ਼ਰਾਰ ਹੈ ਜਿਸ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਗਈ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਜਸਪ੍ਰੀਤ ਸਿੰਘ ਦੇ ਸਾਥੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕੈਲੇਡਨ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ 905-584-2241 ’ਤੇ ਕਾਲ ਕੀਤੀ ਜਾਵੇ ਜਾਂ 1-888-310-1122 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800 222 ਟਿਪਸ 8477 ‘ਤੇ ਕਾਲ ਕੀਤੀ ਜਾ ਸਕਦੀ ਹੈ।

Share This Article
Leave a Comment