ਖੰਨਾ: ਖੰਨਾ ਦੇ ਨੇੜਲੇ ਪਿੰਡ ਚਾਵਾ ਦੇ ਰਹਿਣ ਵਾਲੇ ਇਕ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਚਾਵਾ ਵਜੋਂ ਹੋਈ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਿੰਦਰ ਸਿੰਘ ਜਿਸਨੇ ਪੱਤਰਕਾਰੀ ਦੀ ਮਾਸਟਰ ਡਿਗਰੀ ਵੀ ਕੀਤੀ ਹੋਈ ਹੈ ਉਹ ਪਿਛਲੇ ਕੁਝ ਸਮੇਂ ਤੋਂ ਗਲਤ ਸੰਗਤ ’ਚ ਪੈ ਕੇ ਨਸ਼ਿਆਂ ਦਾ ਆਦੀ ਹੋ ਗਿਆ ਸੀ। ਹਰਿੰਦਰ ਨੂੰ ਲਗਭਗ ਤਿੰਨ ਮਹੀਨੇ ਪਹਿਲਾਂ ਨਸ਼ਾ ਛੁਡਾਓ ਕੇਂਦਰ ਭੱਟੀਆਂ ਵਿਖੇ ਦਾਖਲ ਕਰਵਾਇਆ ਸੀ।
ਜਦੋਂ ਬੀਤੇ ਦਿਨੀਂ ਉਹ ਆਪਣੇ ਬੇਟੇ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਆਪਣੇ ਘਰ ਲੈ ਕੇ ਆਏ ਤਾਂ ਪਿੰਡ ਦਾ ਨੌਜਵਾਨ ਉਸਨੂੰ ਗਲੀ ’ਚ ਆਕੇ ਕੋਈ ਨਸ਼ੀਲਾ ਪਾਊਡਰ ਦੇ ਗਿਆ। ਜਿਸ ਨੂੰ ਲੈ ਕੇ ਹਰਿੰਦਰ ਦੀ ਸਿਹਤ ਖਰਾਬ ਹੋ ਗਈ ਤੇ ਮੂੰਹ ’ਚੋਂ ਝੱਗ ਤੇ ਖੂਨ ਨਿਕਲਣ ਲੱਗ ਪਿਆ। ਸਿਹਤ ਵਿਗੜਨ ਮਗਰੋਂ ਹਰਿੰਦਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।