ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਾਮਲਿਆਂ ਦੀ ਰਫਤਾਰ ਹੋਰ ਤੇਜ਼ ਹੋ ਗਈ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਦੀ ਕੋਰੋਨਾ ਪਾਜ਼ਿਟਿਵ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਥੋਂ ਤੱਕ ਕਿ ਹੁਣ ਮੀਡੀਆ ਖੇਤਰ ‘ਚ ਵੀ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਤਾਜਾ ਮਾਮਲਾ ਚੇਨੱਈ ਦੇ ਇੱਕ ਤਮਿਲ ਸਮਾਚਾਰ ਚੈੱਨਲ ਦਾ ਸਾਹਮਣੇ ਆਇਆ ਹੈ। ਤਮਿਲ ਨਿਊਜ਼ ਚੈੱਨਲ ਦੇ 25 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ।
ਰਾਜ ਸਰਕਾਰ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਤਮਿਲ ਸਮਾਚਾਰ ਚੈੱਨਲ ਦੇ 25 ਕਰਮਚਾਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ, ਜਿਨ੍ਹਾਂ ‘ਚ ਪੱਤਰਕਾਰ, ਕੈਮਰਾਮੈਨ ਅਤੇ ਹੋਰ ਕਰਮਚਾਰੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਤਮਿਲ ਨਿਊਜ਼ ਚੈੱਨਲ ਦੇ 94 ਲੋਕਾਂ ਦੀ ਕੋਰੋਨਾ ਜਾਂਚ ਕਰਵਾਈ ਗਈ ਸੀ ਜਿਸ ‘ਚੋਂ ਚੈੱਨਲ ਦੇ 25 ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਚੈੱਨਲ ਦੇ ਬਾਕੀ ਕਰਮਚਾਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੰਬਈ ‘ਚ ਵੀ 53 ਪੱਤਰਕਾਰ ਕੋਰੋਨਾ ਸੰਕਰਮਿਤ ਪਾਏ ਗਏ ਸਨ। ਦਿੱਲੀ ਸਥਿਤੀ ਰਾਸ਼ਟਰਪਤੀ ਭਵਨ ‘ਚ ਵੀ ਕੋਰੋਨਾ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਸਿਹਤ ਮੰਤਰਾਲੇ ਨੇ ਸਾਵਧਾਨੀ ਦੇ ਤੌਰ ‘ਤੇ 125 ਪਰਿਵਾਰਾਂ ਨੂੰ ਕੁਆਰੰਟੀਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਲੋਕ ਸਭਾ ਸਕੱਤਰੇਤ ਦੇ ਇੱਕ ਕਰਮਚਾਰੀ ‘ਚ ਵੀ ਕੋਰੋਨਾ ਦੇ ਲੱਛਣ ਪਾਏ ਗਏ ਹਨ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ 18 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਵਾਇਰਸ ਨਾਲ ਲਗਭਗ 590 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 3251 ਲੋਕ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਹੁਣ ਤੱਕ 1 ਲੱਖ 71 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ 24 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ। ਅਮਰੀਕਾ ‘ਚ ਵਾਇਰਸ ਨਾਲ ਸਭ ਤੋਂ ਵੱਧ 42 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।