ਦੋਵੇਂ ਮੁੱਖ ਮੁਲਜ਼ਮਾਂ ਨੇ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਕੀਤਾ ਗ੍ਰਿਫਤਾਰ
ਅਦਾਲਤ ਵਿੱਚ ਕੀਤਾ ਪੇਸ਼, 10 ਦਿਨ ਦਾ ਪੁਲਿਸ ਰਿਮਾਂਡ
ਜਗਰਾਓਂ/ਲੁਧਿਆਣਾ : ਜਗਰਾਓਂ ਦੀ ਦਾਣਾ ਮੰਡੀ ਵਿਖੇ ਦੋ ਥਾਣੇਦਾਰਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਗੈਂਗਸਟਰਾਂ (ਦੋ ਮੁੱਖ ਮੁਲਜ਼ਮਾਂ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਓਕੋ (OCCU) ਟੀਮ ਨੇ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਦੇ ਇੱਕ ਪਿੰਡ ‘ਤੋਂ ਕਾਬੂ ਕੀਤਾ ਹੈ। ਇਸ ਦੌਰਾਨ ਇਨ੍ਹਾਂ ਨੂੰ ਪਨਾਹ ਦੇਣ ਵਾਲੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਕਤਲਕਾਂਡ ਦਾ ਮੁੱਖ ਮੁਲਜ਼ਮ ਜੈਪਾਲ ਭੁੱਲਰ ਹਾਲੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਨ੍ਹਾਂ ਤਿੰਨਾਂ ਨੂੰ ਬਾਅਦ ਦੁਪਹਿਰ ਓਕੋ ਤੇ ਜਗਰਾਉਂ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।
ਪੁਲਿਸ ਅਧਿਕਾਰੀਆਂ ਵਲੋਂ ਦੋ ਆਰੋਪੀਆਂ ਨੂੰ ਗਿਰਫ਼ਤਾਰ ਕਰਨ ਤੋਂ ਬਾਅਦ ਹੁਣ ਬਾਕੀ ਰਹਿੰਦੇ ਆਰੋਪੀ ਵੀ ਜਲਦੀ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ 15 ਮਈ ਨੂੰ ਜਗਰਾਓਂ ਦੀ ਦਾਣਾ ਮੰਡੀ ਵਿਖੇ ਗੈਂਗਸਟਰਾਂ ਵਲੋਂ ਦੋ ਥਾਣੇਦਾਰਾਂ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ । ਇਸ ਤੋਂ ਬਾਅਦ ਪੁਲਿਸ ਨੇ 21 ਮਈ ਨੂੰ ਗੈਂਗਸਟਰਾਂ ਦੇ 6 ਸਾਥੀਆਂ (ਚਾਰ ਪੁਰਸ਼ ਅਤੇ ਦੋ ਮਹਿਲਾਵਾਂ) ਨੂੰ ਗ੍ਰਿਫ਼ਤਾਰ ਕੀਤਾ ਸੀ।