ਵਾਸ਼ਿੰਗਟਨ : ਅਮਰੀਕਾ ‘ਚ ਬਜ਼ੁਰਗਾਂ ਤੋਂ ਲੱਖਾਂ ਡਾਲਰ ਦੀ ਠੱਗੀ ਮਾਰਨ ਦੇ ਮਾਮਲੇ ਤਹਿਤ 2 ਭਾਰਤੀ ਮੂਲ ਦੇ ਨਾਗਰਿਕਾਂ ਨੂੰ ਸਵਾ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 22 ਸਾਲ ਦੇ ਜ਼ੀਸ਼ਾਨ ਖਾਨ ਅਤੇ 24 ਸਾਲ ਦੇ ਮਾਜ਼ ਅਹਿਮਦ ਸ਼ਮਸੀ ਨੇ ਵਾਇਰ ਫ਼ਰੋਡ ਦਾ ਗੁਨਾਹ ਕਬੂਲ ਕਰ ਲਿਆ ਸੀ ਜਿਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਡਿਪੋਰਟ ਕਰ ਦਿੱਤਾ ਜਾਵੇਗਾ।
ਨਿਊਜਰਸੀ ਦੀ ਫ਼ੈਡਰਲ ਅਦਾਲਤ ਦੇ ਜੱਜ ਜੋਸਫ਼ ਰੌਡਰਿਗਜ਼ ਵੱਲੋਂ ਸੁਣਾਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਅਟਾਰਨੀ ਰੇਚਲ ਏ ਹੌਨਿਗ ਨੇ ਕਿਹਾ ਕਿ ਬਜ਼ੁਰਗਾਂ ਨਾਲ ਠੱਗੀ ਦੌਰਾਨ ਜ਼ੀਸ਼ਾਨ ਖਾਨ ਅਤੇ ਮਾਜ਼ ਅਹਿਮਦ ਸ਼ਮਸੀ ਨੇ 19 ਵਿਅਕਤੀਆਂ ਤੋਂ ਕੁੱਲ 6 ਲੱਖ 18 ਹਜ਼ਾਰ ਡਾਲਰ ਵਸੂਲ ਕੀਤੇ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਭਾਰਤ ‘ਚ ਸਥਿਤ ਫ਼ਰਜ਼ੀ ਕਾਲ ਸੈਂਟਰਾਂ ਰਾਹੀਂ ਅਮਰੀਕੀ ਬਜ਼ੁਰਗਾਂ ਨੂੰ ਫ਼ੋਨ ਕਰ ਕੇ ਨਿਸ਼ਾਨਾ ਬਣਾਇਆ ਜਾਂਦਾ ਸੀ ਤੇ ਅਫ਼ਸਰ ਬਣ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਬਜ਼ੁਰਗਾਂ ਨੂੰ ਕਿਹਾ ਜਾਂਦਾ ਸੀ ਕਿ ਜੇਕਰ ਰਕਮ ਨਾਂ ਦਿੱਤੀ ਗਈ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।