ਚੰਡੀਗੜ੍ਹ: ਪੰਜਾਬ ਪੁਲਿਸ ਦੇ ਇੱਕ ਆਲਾ ਅਧਿਕਾਰੀ ਨੂੰ ਵੀ ਕੋਰੋਨਾ ਸੰਕਰਮਣ ਹੋ ਗਿਆ ਹੈ। ਜਿਸ ਦੇ ਨਾਲ ਹੀ ਸੂਬੇ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 172 ਹੋ ਗਈ। ਹੁਣ ਤੱਕ 12 ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਸੂਬੇ ਵਿੱਚ 17 ਕੋਰੋਨਾ ਹਾਟਸਪਾਟ ਐਲਾਨੇ ਗਏ ਹਨ।
ਕੋਰੋਨਾ ਪ੍ਰਭਾਵਿਤਾਂ ਦੇ ਜ਼ਿਲ੍ਹੇ ਵਾਰ ਅੰਕੜਿਆਂ ਅਨੁਸਾਰ ਮੁਹਾਲੀ ਵਿੱਚ 54, ਜਲੰਧਰ ਵਿੱਚ 22, ਨਵਾਂਸ਼ਹਿਰ ਵਿੱਚ 19, ਪਠਾਨਕੋਟ ਵਿੱਚ 16, ਮਾਨਸਾ ਵਿੱਚ ਅਤੇ ਅਮ੍ਰਿਤਸਰ ਵਿੱਚ 11-11, ਲੁਧਿਆਣਾ ਵਿੱਚ 11, ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ ਅਤੇ ਫਰੀਦਕੋਟ ਵਿੱਚ 3-3, ਸੰਗਰੂਰ, ਫਤਿਹਗੜ੍ਹ ਸਾਹਿਬ, ਬਰਨਾਲਾ, ਪਟਿਆਲਾ ਅਤੇ ਕਪੂਰਥਲਾ ਵਿੱਚ 2-2 ਅਤੇ ਮੁਕਤਸਰ ਵਿੱਚ 1 ਵਿਅਕਤੀ ਕੋਰੋਨਾ ਸੰਕਰਮਿਤ ਹੈ।
ਸਿਹਤ ਵਿਭਾਗ ਨੇ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਉਨ੍ਹਾਂ ਪ੍ਰਮੁੱਖ ਇਲਾਕਿਆਂ ਨੂੰ ਚੁਣਿਆ ਹੈ, ਜਿੱਥੇ ਮਹਾਮਾਰੀ ਦੇ ਦੋ ਜਾਂ ਦੋ ਤੋਂ ਜ਼ਿਆਦਾ ਕੇਸ ਦਰਜ ਕੀਤੇ ਗਏ ਹਨ। ਵਿਭਾਗ ਨੇ ਇਨ੍ਹਾਂ ਨੂੰ ਕੋਰੋਨਾ ਹਾਟਸਪਾਟ ਦੇ ਤੌਰ ਉੱਤੇ ਚੁਣਿਆ ਹੈ। ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਕੁੱਲ 17 ਹਾਟਸਪਾਟ ਚੁਣੇ ਗਏ ਹਨ। ਜਿਨ੍ਹਾਂ ਵਿੱਚ ਮੋਹਾਲੀ ਜਿਲ੍ਹੇ ਦਾ ਪਿੰਡ ਜਵਾਹਰਪੁਰ 38 ਮਾਮਲਿਆਂ ਦੇ ਨਾਲ ਸਭ ਤੋਂ ਉੱਤੇ ਹੈ।
ਸਿਹਤ ਵਿਭਾਗ ਨੇ ਸਾਰੇ ਹਾਟਸਪਾਟ ਇਲਾਕਿਆਂ ਵਿੱਚ ਵੱਡੇ ਪੈਮਾਨੇ ‘ਤੇ ਆਰਟੀ-ਪੀਸੀਆਰ ਅਤੇ ਰੈਪਿਡ ਕਿੱਟ ਦੇ ਨਾਲ ਪ੍ਰੀਖਿਆ ਅਭਿਆਨ ਸ਼ੁਰੂ ਕਰਨ ਦਾ ਵੀ ਫੈਸਲਾ ਲਿਆ ਹੈ। ਇਸ ਦੇ ਤਹਿਤ ਸਬੰਧਤ ਇਲਾਕੇ ਦੇ ਉਨ੍ਹਾਂ ਸਾਰੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਫਿਲਹਾਲ ਮਹਾਮਾਰੀ ਦੇ ਲੱਛਣ ਨਹੀਂ ਪਾਏ ਗਏ ਹਨ।