ਨਵੀ ਦਿੱਲੀ, 27 ਮਾਰਚ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਪੁਲਸ ਨੇ 17 ਬੰਗਲਾਦੇਸ਼ੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ‘ਚ ਰਹਿਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫਤਾਰੀ ਸ਼ਿਵਾਜੀਨਗਰ ਅਤੇ ਆਰਸੀਐਫ ਥਾਣਾ ਖੇਤਰ ਵਿੱਚ ਕੀਤੀ ਗਈ ਹੈ।
ਪੁਲਸ ਨੇ ਇਕ ਬਿਆਨ ‘ਚ ਕਿਹਾ ਕਿ ਜਾਂਚ ਦੌਰਾਨ ਫੜੇ ਗਏ ਵਿਅਕਤੀ ਭਾਰਤੀ ਨਾਗਰਿਕ ਹੋਣ ਦਾ ਸਬੂਤ ਨਹੀਂ ਦੇ ਸਕੇ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਬਿਆਨ ਦੇ ਅਨੁਸਾਰ, ਪੁਲਿਸ ਨੇ 25 ਮਾਰਚ, 2025 ਨੂੰ ਸ਼ਿਵਾਜੀਨਗਰ ਅਤੇ ਆਰਸੀਐਫ ਖੇਤਰਾਂ ਵਿੱਚ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਸਾਰੇ ਦੋਸ਼ੀ ਪੁਲਸ ਦੀ ਹਿਰਾਸਤ ‘ਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਾਜੀਨਗਰ ਥਾਣੇ ਦੀ ਟੀਮ ਨੇ 24 ਮਾਰਚ ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕੀਤੀ ਸੀ, ਜਿਸ ਤੋਂ ਬਾਅਦ 8 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਇਸ ਤੋਂ ਬਾਅਦ 25 ਮਾਰਚ ਨੂੰ ਵੀ ਇਲਾਕੇ ਵਿੱਚ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ 9 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਵਿੱਚ 4 ਪੁਰਸ਼ ਅਤੇ 5 ਔਰਤਾਂ ਸਨ। ਸਾਰਿਆਂ ਦੀ ਪਛਾਣ ਬੰਗਲਾਦੇਸ਼ੀ ਨਾਗਰਿਕ ਵਜੋਂ ਹੋਈ ਹੈ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਕਿਸੇ ਕਿਸਮ ਦਾ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈ। ਸਾਰਿਆਂ ਖਿਲਾਫ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਗੈਰ-ਕਾਨੂੰਨੀ ਨਾਗਰਿਕਾਂ ਨੂੰ ਹਿਰਾਸਤ ਕੇਂਦਰਾਂ ‘ਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਬੰਗਲਾਦੇਸ਼ ਭੇਜਿਆ ਜਾਵੇਗਾ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਦੱਸ ਦਈਏ ਕਿ ਬੀਤੇ ਦਿਨੀ ਮੇਘਾਲਿਆ ‘ਚ ਦੋ ਨਾਬਾਲਗਾਂ ਸਮੇਤ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ‘ਚ ਦਾਖਲ ਹੋਏ ਸਨ। ਖੁਫੀਆ ਸੂਚਨਾ ਦੇ ਆਧਾਰ ‘ਤੇ ਰੀਭੋਈ ਥਾਣੇ ਦੀ ਪੁਲਸ ਨੇ ਕਾਮਾਖਿਆ ਅਤੇ ਗੁਹਾਟੀ ‘ਚ ਟਰੇਨ ਨੰਬਰ 15945 (ਐੱਲ. ਟੀ. ਟੀ.-ਡਿਬਰੂਗੜ੍ਹ ਸਟੇਸ਼ਨ) ‘ਤੇ ਤਲਾਸ਼ੀ ਮੁਹਿੰਮ ਚਲਾਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।