ਨਵੀਂ ਦਿੱਲੀ (ਦਵਿੰਦਰ ਸਿੰਘ) : ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਸ਼ੁੱਕਰਵਾਰ ਲਗਭਗ 14 ਵਿਰੋਧੀ ਪਾਰਟੀਆਂ ਦੇ ਆਗੂ ਜੰਤਰ -ਮੰਤਰ ਪਹੁੰਚੇ। ਇਸ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਹਿੱਸਾ ਲਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜੰਤਰ-ਮੰਤਰ ‘ਤੇ ਕਿਸਾਨਾਂ ਦੇ ਸਮਰਥਨ’ ਚ ਪ੍ਰਦਰਸ਼ਨ ਕੀਤਾ।
ਸੰਸਦ ਮੈਂਬਰਾਂ ਵਲੋਂ ‘ਖੇਤੀ ਬਚਾਓ, ਭਾਰਤ ਬਚਾਓ’ ਦੇ ਨਾਅਰੇ ਲਗਾਏ ਗਏ। ਰਾਹੁਲ ਗਾਂਧੀ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਜੰਤਰ-ਮੰਤਰ ‘ਤੇ ਕਿਸਾਨਾਂ ਦੇ ਹੱਕ’ ਚ ਆਵਾਜ਼ ਬੁਲੰਦ ਕੀਤੀ । ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਅੱਜ ਇੱਥੇ ਕਿਸਾਨਾਂ ਨੂੰ ਸਮਰਥਨ ਕਰਨ ਇੱਥੇ ਆਏ ਹਨ। ਸਰਕਾਰ ਨੂੰ ਕਾਲੇ ਖੇਤੀਬਾੜੀ ਕਾਨੂੰਨ ਰੱਦ ਕਰਨੇ ਹੋਣਗੇ, ਜਿਸ ਤੋਂ ਬਾਅਦ ਹੀ ਅੰਦੋਲਨ ਖਤਮ ਹੋਵੇਗਾ।
ਰਾਹੁਲ ਗਾਂਧੀ ਨੇ ਜਾਸੂਸੀ ਕਾਂਡ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹਰ ਭਾਰਤੀ ਦੇ ਫ਼ੋਨ ਵਿੱਚ ਮੋਦੀ ਘੁਸ ਗਏ ਹਨ।
ਵੇਖੋ ਰਾਹੁਲ ਗਾਂਧੀ ਨੇ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ‘ਤੇ ਕੱਸੇ ਤੰਜ਼ (ਵੀਡੀਓ)
ਵਿਰੋਧੀ ਪਾਰਟੀਆਂ ਦੇ ਇਸ ਪ੍ਰਦਰਸ਼ਨ ਵਿੱਚ ਕਾਂਗਰਸ, ਐਨਸੀਪੀ, ਸ਼ਿਵ ਸੈਨਾ, ਸਮਾਜਵਾਦੀ ਪਾਰਟੀ, ਡੀਐਮਕੇ, ਆਰਜੇਡੀ ਸਮੇਤ ਖੱਬੀਆਂ ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਹਾਲਾਂਕਿ, ਆਮ ਆਦਮੀ ਪਾਰਟੀ, ਟੀਐਮਸੀ ਅਤੇ ਬਸਪਾ ਇਸ ਵਿੱਚ ਸ਼ਾਮਲ ਨਹੀਂ ਹੋਏ।
ਰਾਕੇਸ਼ ਟਿਕੈਤ ਨੇ ਕਿਹਾ – ਮੰਚ ‘ਤੇ ਕੋਈ ਜਗ੍ਹਾ ਨਹੀਂ ਹੈ
ਇਸ ਪ੍ਰਦਰਸ਼ਨ ਵਿੱਚ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਸੰਜੇ ਰਾਉਤ, ਮਨੋਜ ਝਾਅ ਸਮੇਤ ਹੋਰ ਨੇਤਾ ਸ਼ਾਮਲ ਹੋਏ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵਿਰੋਧੀ ਧਿਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।
ਹਾਲਾਂਕਿ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮੰਚ ‘ਤੇ ਕਿਸੇ ਨੇਤਾ ਨੂੰ ਜਗ੍ਹਾ ਨਹੀਂ ਦਿੱਤੀ । ਸਾਰੇ ਨੇਤਾ ਦਰਸ਼ਕ ਗੈਲਰੀ ਵਿੱਚ ਬੈਠੇ ਸਨ।
ਰਾਹੁਲ ਗਾਂਧੀ ਦੇ ਨਾਲ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ, ਪੰਜਾਬ ਦੇ ਸਾਂਸਦ ਡਾਕਟਰ ਅਮਰ ਸਿੰਘ , ਜਸਬੀਰ ਸਿੰਘ ਗਿੱਲ ਡਿੰਪਾ , ਗੁਰਜੀਤ ਸਿੰਘ ਔਜਲਾ, ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਨੇਤਾ ਕਿਸਾਨਾਂ ਦੇ ਸਮਰਥਨ ਲਈ ਜੰਤਰ ਮੰਤਰ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਇੱਥੇ ਕਿਸਾਨਾਂ ਵਲੋਂ ਪਿਛਲੇ 15 ਦਿਨਾਂ ਤੋਂ ਕਿਸਾਨਾਂ ਦੀ ਆਪਣੀ ਸੰਸਦ ਚਲਾਈ ਜਾ ਰਹੀ ਹੈ।