ਨਵੀਂ ਦਿੱਲੀ (ਦਵਿੰਦਰ ਸਿੰਘ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੁੰ ਵੇਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਤਿਆਰ ਕੀਤਾ ਜਾ ਰਿਹਾ 125 ਬੈਡਾਂ ਦਾ ਹਸਪਤਾਲ ਅਗਸਤ ਮਹੀਨੇ ਦੇ ਪਹਿਲੇ ਹਫਤੇ ਵਿਚ 7 ਜਾਂ 8 ਅਗਸਤ ਤੋਂ ਸ਼ੁਰੂ ਹੋ ਜਾਵੇਗਾ।
ਐਮ ਆਰ ਆਈ ਤੇ ਸੀ ਟੀ ਸਕੈਨ ਡਾਇਗਨੋਸਟਿਕ ਸੈਂਟਰ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕਰਨ ਲਈ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕਾਲਕਾ ਨੇ ਦੱਸਿਆ ਕਿ ਹਸਪਤਾਲ ਬਹੁਤ ਤੇਜ਼ ਰਫਤਾਰ ‘ਚ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਵਿਚ ਅਪਰੇਸ਼ਨ ਥੀਏਟਰ ਸਮੇਤ ਹੋਰ ਆਧੁਨਿਕ ਸਹੂਲਤਾਂ ਤਿਆਰ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਇਸਦੇ ਸ਼ੁਰੂ ਹੋਣ ‘ਤੇ ਪਹਿਲਾਂ ਕੀਤੇ ਐਲਾਨ ਅਨੁਸਾਰ ਸਿੰਘ ਸਭਾਵਾਂ ਦੀ ਸਿਫਾਰਸ਼ ‘ਤੇ ਆਉਣ ਵਾਲੇ ਮਰੀਜ਼ਾਂ ਨੁੰ ਇਲਾਜ ਵਾਸਤੇ 50 ਫੀਸਦੀ ਡਿਸਕਾਉਂਟ ਦਿੱਤਾ ਜਾਵੇਗਾ।
ਐਮ ਆਰ ਆਈ ਸੈਂਟਰ ਦੀ ਗੱਲ ਕਰਦਿਆਂ ਕਾਲਕਾ ਨੇ ਦੱਸਿਆ ਕਿ ਸਾਢੇ ਚਾਰ ਮਹੀਨੇ ਪਹਿਲਾਂ ਸ਼ੁਰੂ ਕੀਤੇ ਗਏ ਇਸ ਐਮ ਆਰ ਆਈ ਤੇ ਐਸ ਟੀ ਸਕੈਨ ਡਾਇਗਨੋਸਟਿਕ ਸੈਂਟਰ ਵਿਚ ਹੁਣ ਤੱਕ 5 ਹਜ਼ਾਰ ਤੋਂ ਵੱਧ ਮਰੀਜ਼ ਸਸਤੀ ਟੈਸਟ ਸਹੂਲਤ ਲੈ ਚੁੱਕੇ ਹਨ। ਉਹਨਾਂ ਦੱਸਿਆ ਕਿ 1500 ਦੇ ਕਰੀਬ ਮਰੀਜ਼ਾਂ ਨੇ ਸਿਰਫ 50 ਰੁਪਏ ਵਿਚ ਐਮ ਆਰ ਆਈ ਤੇ ਸੀਟੀ ਸਕੈਨ ਕਰਵਾਇਆ ਹੈ। ਉਹਨਾਂ ਦੱਸਿਆ ਕਿ ਇਹ ਟੈਸਟ ਮਾਰਕੀਟ ਵਿਚ 8 ਤੋਂ 10 ਹਜ਼ਾਰ ਰੁਪਏ ਵਿਚ ਹੁੰਦੇ ਹਨ, ਤੇ ਇਸ ਤਰੀਕੇ ਲੋਕ ਨੂੰ ਲੱਖਾਂ ਰੁਪਏ ਦਾ ਲਾਭ ਮਿਲਿਆ ਹੈ।
ਉਹਨਾਂ ਕਿਹਾ ਕਿ ਕੋਰੋਨਾ ਕਾਲ ਵਿਚ ਦਿੱਲੀ ਗੁਰਦੁਆਰਾ ਕਮੇਟੀ ਨੇ ਮੈਡੀਕਲ ਖੇਤਰ ਵਿਚ ਕੰਮ ਕਰਦੇ ਲੋਕਾਂ ਨੁੰ ਰਾਹਤ ਦੇਣ ਦਾ ਉਪਰਾਲਾ ਸ਼ੁਰੂ ਕੀਤਾ ਸੀ ਜਿਸਦੇ ਪਹਿਲੇ ਪੜਾਅ ਵਿਚ ਬਾਲਾ ਪ੍ਰੀਤਮ ਦਵਾਖਾਨੇ ਖੋਲੇ ਗਏ ਜਿਥੇ ਮਾਰਕੀਟ ਦੇ ਮੁਕਾਬਲੇ 10 ਤੋਂ 90 ਫੀਸਦੀ ਦਵਾਈਆਂ ਸਸਤੀਆਂ ਮਿਲਦੀਆਂਹਨ। ਇਸ ਮਗਰੋਂ ਫਰੀ ਕਿਡਨੀ ਡਾਇਲਸਿਸ ਸੈਂਟਰ ਸ਼ੁਰੂ ਕੀਤਾ ਜਿਥੇ ਹਜ਼ਾਰਾਂ ਲੋਕਾਂ ਨੁੰ ਇਲਾਜ ਦਾ ਲਾਭ ਮਿਲਿਆ ਹੈ। ਇਸ ਮਗਰੋਂ ਐਮ ਆਰਆਈ ਤੇ ਸੀ ਟੀ ਸਕੈਨ ਡਾਇਗਨੋਸਟਿਕ ਸੈਂਟਰ ਸ਼ੁਰੂ ਕੀਤਾ ਗਿਆ ਤੇ ਫਿਰ 400 ਬੈਡਾਂ ਦਾ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸ਼ੁਰੂ ਕੀਤਾ ਗਿਆ।
ਉਹਨਾਂ ਕਿਹਾ ਕਿ ਸੰਗਤਾਂ ਦੇ ਦਸਵੰਧ ਨਾਲ ਇਹ ਸਾਰੀਆਂ ਮੈਡੀਕਲ ਸਹੂਲਤਾਂ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਵਿਚ ਲੋੜਵੰਦਾਂ ਨੁੰ ਵੱਡਾ ਲਾਭ ਮਿਲ ਰਿਹਾ ਹੈ।
ਇਸ ਦੌਰਾਨ ਹਰਮੀਤ ਸਿੰਘ ਦੇ ਇਲਾਵਾ ਭੁਪਿੰਦਰ ਸਿੰਘ ਭੁੱਲਰ, ਵਿਕਰਮ ਸਿੰਘ ਰੋਹਿਣੀ ਸਮੇਤ ਹੋਰ ਆਗੂ ਮੌਜੁਦ ਰਹੇ।