ਅੰਮ੍ਰਿਤਸਰ: ਸੁਖਬੀਰ ਸਿੰਘ ਬਾਦਲ ਅੱਜ ਚੌਥੀ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਹੋਏ ਹਨ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੀ ਡੈਲੀਗੇਟ ਸਭਾ ਦੀ ਸ਼ੁਰੂਆਤ ਹੋਈ, ਜਿੱਥੇ ਡੈਲੀਗੇਟਸ ਨੇ ਜੈਕਾਰਿਆਂ ਦੀ ਗੂੰਜ ਵਿੱਚ ਉਨ੍ਹਾਂ ਦੀ ਚੋਣ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਮੁੱਖ ਚੋਣ ਅਧਿਕਾਰੀ ਗੁਲਜ਼ਾਰ ਸਿੰਘ ਰਣੀਕੇ ਨੇ ਹਾਊਸ ਦੀ ਸਲਾਹ ਲੈਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਧਿਕਾਰਕ ਤੌਰ ‘ਤੇ ਪ੍ਰਧਾਨ ਘੋਸ਼ਿਤ ਕੀਤਾ।
ਚੋਣ ਤੋਂ ਬਾਅਦ ਸੁਖਬੀਰ ਬਾਦਲ ਨੇ ਜੋਸ਼ ਨਾਲ ਭਰਪੂਰ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਰੋਧੀਆਂ ਉੱਤੇ ਤਿੱਖਾ ਹਮਲਾ ਕਰਦੇ ਹੋਏ ਪੰਜਾਬੀਆਂ ਨੂੰ ਆਪਣੇ ਅਤੇ ਪਰਾਏ ਦੀ ਪਛਾਣ ਕਰਨ ਤੇ ਇਕਜੁਟ ਹੋਣ ਦਾ ਸੱਦਾ ਦਿੱਤਾ, ਤਾਂ ਜੋ ਅਕਾਲੀ ਦਲ ਨੂੰ ਫਿਰ ਚੜ੍ਹਦੀ ਕਲਾ ਵਿੱਚ ਲਿਆ ਜਾ ਸਕੇ।
ਉਨ੍ਹਾਂ ਦੇ ਭਾਸ਼ਣ ਵਿੱਚ 11 ਅਹਿਮ ਮੁੱਦਿਆਂ ਦੀ ਗੂੰਜ ਰਹੀ:
- ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋਈ।
- NDA ਛੱਡਣ ਤੋਂ ਬਾਅਦ ਪਾਰਟੀ ਵਿਰੁੱਧ ਸਾਜਿਸ਼ਾਂ ਹੋਈਆਂ।
- ਚੜ੍ਹਦੀ ਕਲਾ ਦੀ ਗੱਲ ਕਰੋ, ਢਹਿੰਦੀ ਕਲਾ ਦੀ ਨਹੀਂ।
- 2027 ‘ਚ ਅਕਾਲੀ ਦਲ ਦੀ ਸਰਕਾਰ ਵਾਪਸ ਲਿਆਉਣ ਦਾ ਟੀਚਾ।
- ਪੰਜਾਬ ਨੂੰ ਦੁਬਾਰਾ ਵਿਕਾਸ ਅਤੇ ਅਮਨ-ਸ਼ਾਂਤੀ ਦੇ ਰਾਹ ‘ਤੇ ਲਿਆਂਦਾ ਜਾਵੇਗਾ।
- ਪੰਜਾਬ ਨੂੰ ਮੁੜ ਨੰਬਰ 1 ਬਣਾਉਣਾ ਹੀ ਟੀਚਾ।
- ਪੰਜਾਬੀਆਂ ਨੂੰ ਆਪਣੀ ਪਛਾਣ ਨੂੰ ਸਮਝਣ ਦੀ ਲੋੜ।
- ਪੰਜਾਬ ਦੀ ਤਰੱਕੀ ਉੱਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
- ਭੂੰਦੜ ਸਾਹਬ ਦਾ ਧੰਨਵਾਦ ਕਿ ਔਖੇ ਸਮੇਂ ਪਾਰਟੀ ਦੀ ਅਗਵਾਈ ਕੀਤੀ।
- ਪੁਰਾਣੇ ਅਕਾਲੀਆਂ ਨੂੰ ਵਾਪਸ ਆ ਕੇ ਪਾਰਟੀ ਮਜ਼ਬੂਤ ਕਰਨ ਦੀ ਅਪੀਲ।
- 25 ਅਪ੍ਰੈਲ ਨੂੰ ਵੱਡੇ ਬਾਦਲ ਸਾਹਬ ਦੀ ਬਰਸੀ ਮੌਕੇ ਹਰ ਜ਼ਿਲ੍ਹੇ ਵਿੱਚ ਸਮਾਗਮ ਹੋਣਗੇ।
ਸੁਖਬੀਰ ਸਿੰਘ ਬਾਦਲ ਪਹਿਲੀ ਵਾਰੀ ਦਸੰਬਰ 2008 ‘ਚ ਪ੍ਰਧਾਨ ਬਣੇ ਸਨ। 16 ਨਵੰਬਰ 2024 ਨੂੰ ਉਨ੍ਹਾਂ ਨੇ ਅਸਤੀਫਾ ਦਿੱਤਾ ਜੋ 10 ਜਨਵਰੀ 2025 ਨੂੰ ਮਨਜ਼ੂਰ ਹੋਇਆ। ਹੁਣ ਉਹ ਚੌਥੀ ਵਾਰੀ ਮੁੜ ਪ੍ਰਧਾਨ ਬਣੇ ਹਨ।