ਬਰੈਂਪਟਨ: ਕੈਨੇਡਾ ਦੇ ਥੰਡਰ ਬੇਅ ਸ਼ਹਿਰ ਨੇੜੇ ਹਾਈਵੇਅ 11/17 ਤੇ ਵਾਪਰੇ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਪਛਾਣ ਬਰੈਂਪਟਨ ਦੇ ਮਨਦੀਪ ਸਿੰਘ ਸੋਹੀ ਵੱਜੋਂ ਹੋਈ ਹੈ। 25 ਸਾਲਾ ਮਨਦੀਪ ਸਿੰਘ ਸੋਹੀ ਆਪਣੇ ਦੋਸਤ ਨਾਲ ਐਡਮਿੰਟਨ ਜਾ ਰਿਹਾ ਸੀ ਜਦੋਂ ਉਨ੍ਹਾਂ ਦੀ ਕਾਰ ਇਕ ਟਰੱਕ ਨਾਲ ਟਕਰਾਅ ਗਈ।
ਓਨਟਾਰੀਓ ਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਮਨਦੀਪ ਸਿੰਘ ਸੋਹੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਜਸਦੀਪ ਸਿੰਘ ਬੈਨੀਪਾਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਜਿਸ ਨੂੰ ਥੰਡਰ ਬੇਅ ਰੀਜਨਲ ਹੈਲਥ ਸਾਇੰਸ ਸੈਂਟਰ ਵਿਚ ਭਰਤੀ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਬਰਫ਼ਬਾਰੀ ਕਾਰਨ ਹਾਈਵੇਅ ‘ਤੇ ਜਾ ਰਿਹਾ ਟਰੱਕ ਅਚਾਨਕ ਘੁੰਮ ਗਿਆ ਅਤੇ ਮਨਦੀਪ ਸਿੰਘ ਦੀ ਕਾਰ ਇਸ ਵਿਚ ਜਾ ਵੱਜੀ। ਸੰਗਰੂਰ ਜ਼ਿਲ੍ਹੇ ਦੇ ਪਿੰਡ ਬਨਭੌਰਾ ਨਾਲ ਸਬੰਧਤ ਮਨਦੀਪ ਸਿੰਘ ਸੋਹੀ ਦੋ ਸਾਲ ਪਹਿਲਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ। ਮਨਦੀਪ ਸਿੰਘ ਬਹੁਤ ਛੋਟਾ ਸੀ ਜਦੋਂ ਉਸ ਦੇ ਪਿਤਾ ਅਕਾਲ ਚਲਾਣਾ ਕਰ ਗਏ ਅਤੇ ਉਸ ਦੀ ਮਾਤਾ ਸਤਵੀਰ ਕੌਰ ਨੇ ਇਕੱਲਿਆਂ ਹੀ ਮਨਦੀਪ ਸਿੰਘ ਅਤੇ ਉਸ ਦੇ ਛੋਟੇ ਭਰਾ ਨੂੰ ਪਾਲ-ਪੋਸ ਕੇ ਵੱਡਾ ਕੀਤਾ। ਮਨਦੀਪ ਸਿੰਘ ਦੀ ਦੇਹ ਭਾਰਤ ਭੇਜਣ ਲਈ ਉਸ ਦੇ ਦੋਸਤਾਂ ਵੱਲੋਂ gofundme ਸਥਾਪਤ ਕੀਤਾ ਗਿਆ ਹੈ।