ਚੰਡੀਗੜ੍ਹ: ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਹਿ-ਇੰਚਾਰਜ ਸੰਜੇ ਟੰਡਨ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਕ-ਲੁਭਾਊ ਅਤੇ ਹਰ ਖੇਤਰ ਦੇ ਲੋਕਾਂ ਦਾ ਧਿਆਨ ਰੱਖਣ ਵਾਲਾ ਦੱਸਿਆ ਹੈ। ਉਹ ਅੱਜ ਚੰਡੀਗੜ੍ਹ ਵਿਖੇ ਪਾਰਟੀ ਹੈੱਡਕੁਆਰਟਰ ‘ਚ ਬਜਟ 2022 ਦੇ ਸਬੰਧ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਬੋਲ ਰਹੇ ਸਨ।
ਸੰਜੇ ਟੰਡਨ ਨੇ ਕਿਹਾ ਕਿ ਬਜਟ ਵਿੱਚ ਰਸਾਇਣ ਮੁਕਤ ਖੇਤੀ ‘ਤੇ ਜ਼ੋਰ ਦੇ ਕੇ ਕੁਦਰਤੀ ਜੈਵਿਕ ਖੇਤੀ ਨੂੰ ਪਹਿਲ ਦੇਣਾ ਖੇਤੀ ਖੇਤਰ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ 68 ਫੀਸਦੀ ਫੌਜੀ ਖਰਚੇ ਨਾਲ ਸਵੈ-ਨਿਰਭਰਤਾ ਦੀ ਦਿਸ਼ਾ ਵਿੱਚ 16 ਲੱਖ ਨੌਕਰੀਆਂ ਪੈਦਾ ਹੋਣਗੀਆਂ, ਜੋ ਕਿ ਸਭ ਤੋਂ ਵੱਡਾ ਕਦਮ ਹੈ।
ਸੰਜੇ ਟੰਡਨ ਨੇ ਪਿੰਡ ਵਾਸੀਆਂ ਦੀ ਸਹੂਲਤ ਲਈ 1.5 ਲੱਖ ਡਾਕਘਰਾਂ ਵਿੱਚ ਕੋਰ ਬੈਂਕਿੰਗ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕੀ ਜਨਵਰੀ ਵਿੱਚ ਜੀਐਸਟੀ ਕੁਲੈਕਸ਼ਨ 1.40 ਕਰੋੜ ਰੁਪਏ ਸੀ, ਜਿਸ ਨੂੰ ਭਾਰਤ ਦੀ ਤਾਕਤ ਕਿਹਾ ਜਾਂਦਾ ਹੈ। ਲੰਬੇ ਸਮੇਂ ਦੇ ਪੂੰਜੀ ਲਾਭਾਂ ਰਾਹੀਂ ਇਕੱਠੀ ਕੀਤੀ ਜਾਇਦਾਦ ‘ਤੇ 15 ਪ੍ਰਤੀਸ਼ਤ ਟੈਕਸ ਤੈਅ ਕਰਨਾ ਇੱਕ ਸਮਝਦਾਰੀ ਵਾਲਾ ਫੈਸਲਾ ਮੰਨਿਆ ਗਿਆ ਹੈ। ਉਹਨਾਂ ਡਿਜੀਟਲ ਕਰੰਸੀ (ਕ੍ਰਿਪਟੋ ਕਰੰਸੀ) ਤੋਂ ਹੋਣ ਵਾਲੀ ਆਮਦਨ ‘ਤੇ 30 ਫੀਸਦੀ ਟੈਕਸ ਸਰਕਾਰੀ ਖਜ਼ਾਨੇ ਲਈ ਉਚਿਤ ਦੱਸਿਆ। ਉਹਨਾਂ ਬਜਟ ਵਿੱਚ ਆਮਦਨ ਕਰ ਰਿਟਰਨਾਂ ਵਿੱਚ ਗੜਬੜੀਆਂ ਨੂੰ ਸੁਧਾਰਨ ਲਈ ਦੋ ਸਾਲ ਦਾ ਵਾਧੂ ਸਮਾਂ ਦੇਣ ਦੇ ਫੈਸਲੇ ਦੀ ਸ਼ਲਾਘਾ ਕੀਤੀ।
ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਆਰਥਿਕ ਖੇਤਰ ਵਿਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਪਰ ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਪਛੜ ਗਿਆ ਹੈ। ਕਾਂਗਰਸ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ‘ਤੇ ਚੁਟਕੀ ਲੈਂਦਿਆਂ ਸ਼ਰਮਾ ਨੇ ਕਿਹਾ ਕਿ ਸੋਸ਼ਲ ਮੀਡੀਆ ਨੇ ਉਨ੍ਹਾਂ ਨੂੰ ਖਾਲੀ ਖਜ਼ਾਨਾ ਮੰਤਰੀ ਦਾ ਤਮਗਾ ਲਗਾ ਦਿੱਤਾ ਹੈ। ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੂੰ ਅੱਗੇ ਲਿਜਾਣ ਲਈ ਬਜਟ ਮਿਲ ਰਿਹਾ ਹੈ ਅਤੇ ਦੂਜੇ ਪਾਸੇ ਮਨਪ੍ਰੀਤ ਬਾਦਲ ਹਰ ਵਾਰ ਖਾਲੀ ਬਜਟ ਦੀ ਦੁਹਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ‘ਤੇ ਪੰਜਾਬ ਆਰਥਿਕ ਤੌਰ ‘ਤੇ ਖੁਸ਼ਹਾਲ ਹੋਵੇਗਾ।