ਹਜ਼ਾਰਾਂ ਫਸੇ ਹੋਏ ਵਿਦੇਸ਼ੀ ਨਾਗਰਿਕ ਅੰਮ੍ਰਿਤਸਰ ਹਵਾਈ ਅੱਡੇ ਰਾਹੀਂ ਸੁਰੱਖਿਅਤ ਘਰ ਪਰਤੇ

TeamGlobalPunjab
3 Min Read

ਅੰਮ੍ਰਿਤਸਰ (ਅਵਤਾਰ ਸਿੰਘ) : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਈ ਦੇ ਮਹੀਨੇ ਦੌਰਾਨ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਭਾਰਤ ਦਾ ਦੂਜਾ ਸਭ ਤੋਂ ਵਿਅਸਤ ਅੰਤਰਾਸ਼ਟਰੀ ਹਵਾਈ ਅੱਡਾ ਰਿਹਾ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਭਾਰਤ ਦੁਆਰਾ ਉਡਾਣਾਂ ਦੀ ਮੁਅੱਤਲੀ ਦੇ ਬਾਵਜੂਦ, ਅੰਮ੍ਰਿਤਸਰ ਯਾਤਰੀਆ ਦੀ ਕੁੱਲ ਗਿਣਤੀ ਵਿਚ ਤੀਜੇ ਸਥਾਨ ‘ਤੇ ਆਉਣ ਤੋਂ ਬਾਅਦ ਇਕ ਵਾਰ ਫਿਰ ਆਪਣੀ ਅਸਲ ਅਹਿਮੀਅਤ ਜਗ ਜਾਹਰ ਕਰ ਗਿਆ।

ਗੁਮਟਾਲਾ ਨੇ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਈ ਮਈ 2020 ਦੀ ਯਾਤਰੀਆਂ ਦੇ ਅੰਕੜਿਆਂ ਦੀ ਰਿਪੋਰਟ ਅਨੁਸਾਰ, ਅੰਮ੍ਰਿਤਸਰ ਤੋਂ 11,681 ਅੰਤਰਰਾਸ਼ਟਰੀ ਮੁਸਾਫਰਾਂ ਨੇ ਸਫਰ ਕੀਤਾ। ਇਹ ਗਿਣਤੀ ਦਿੱਲੀ ਨੂੰ ਛੱਡ ਕੇ ਭਾਰਤ ਦੇ ਹੋਰ ਸਾਰੇ ਵੱਡੇ ਹਵਾਈ ਅੱਡੇ ਜਿਵੇਂ ਮੁੰਬਈ, ਬੰਗਲੌਰ, ਅਹਿਮਦਾਬਾਦ, ਕੋਲਕਾਤਾ ਤੋਂ ਵੀ ਵੱਧ ਰਹੀ। ਦਿੱਲੀ ਏਅਰਪੋਰਟ 40,212 ਦੇ ਨਾਲ ਚੋਟੀ ਅਤੇ ਮੁੰਬਈ 10,280 ਯਾਤਰੀਆਂ ਨਾਲ ਤੀਜੇ ਨੰਬਰ ‘ਤੇ ਸੀ।

ਮਾਰਚ ਦੇ ਅਖੀਰ ਵਿੱਚ ਭਾਰਤ ਸਰਕਾਰ ਵੱਲੋਂ ਉਡਾਣਾਂ ਦੀ ਮੁਕੰਮਲ ਮੁਅੱਤਲੀ ਕਾਰਨ ਹਜ਼ਾਰਾਂ ਵਿਦੇਸ਼ੀ ਪੰਜਾਬ ਸਮੇਤ ਦੇਸ਼ ਭਰ ਵਿੱਚ ਫਸ ਗਏ ਜਿਸ ਵਿੱਚ ਯੂ.ਕੇ. ਅਤੇ ਕੈਨੇਡਾ ਦੇ ਵਸਨੀਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿੱਚ ਸੀ। ਆਪਣੇ ਨਾਗਰਿਕਾਂ ਨੂੰ ਵਾਪਸ ਭੇਜਣ ਲਈ, ਯੂ.ਕੇ ਅਤੇ ਕੈਨੇਡਾ ਦੀ ਸਰਕਾਰ ਨੇ ਅਪ੍ਰੈਲ ਮਹੀਨੇ ਵਿੱਚ ਇੱਥੋਂ ਵਿਸ਼ੇਸ਼ ਉਡਾਣਾਂ ਸ਼ੁਰੂ ਕੀਤੀਆਂ ਸਨ। ਵੱਡੀ ਗਿਣਤੀ ਵਿੱਚ ਇਹਨਾਂ ਦੋਹਾਂ ਮੁਲਕਾ ਦੇ ਵਸਨੀਕ ਪੰਜਾਬ ਵਿੱਚ ਫਸੇ ਹੋਣ ਕਾਰਨ, ਇਹ ਉਡਾਣਾਂ ਮਈ ਦੇ ਮਹੀਨੇ ਵਿੱਚ ਵੀ ਚਲਦੀਆਂ ਰਹੀਆਂ।

ਯੂ.ਕੇ. ਦੀ ਸਰਕਾਰ ਨੇ ਅਪ੍ਰੈਲ ਤੋਂ 15 ਮਈ, 2020 ਤੱਕ ਬ੍ਰਿਟਿਸ਼ ਅਤੇ ਕਤਰ ਏਅਰਵੇਜ਼ ਦੁਆਰਾ ਸੰਚਾਲਿਤ ਕੁੱਲ 28 ਉਡਾਨਾਂ ਦਾ ਪ੍ਰਬੰਧ ਕੀਤਾ ਜਿਸ ਨਾਲ ਲਗਭਗ 8271 ਯਾਤਰੀ ਆਪਣੇ ਘਰ ਵਾਪਸ ਪਰਤੇ। ਕੈਨੇਡਾ ਦੇ ਭਾਰਤ ਵਿੱਚ ਸਥਿਤ ਵਿਦੇਸ਼ ਦਫਤਰ ਨੇ ਵੀ ਕਤਰ ਏਅਰਵੇਜ਼ ਦੇ ਸਹਿਯੋਗ ਨਾਲ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਲਈ ਕੁੱਲ 25 ਉਡਾਨਾਂ ਦਾ ਸੰਚਾਲਨ ਕੀਤਾ ਜੋ ਲਗਭਗ 7516 ਕੈਨੇਡੀਅਨ ਵਾਸੀਆਂ ਨੂੰ ਅੰਮ੍ਰਿਤਸਰ ਤੋਂ ਵਾਪਸ ਲੈ ਕੇ ਗਏ। ਇਕ ਅਨੁਮਾਨ ਅਨੁਸਾਰ ਯੂਕੇ ਅਤੇ ਕਨੇਡਾ ਦੁਆਰਾ ਦੁਨੀਆਂ ਭਰ ਵਿਚੋਂ ਸਭ ਤੋਂ ਵੱਧ ਵਿਸ਼ੇਸ਼ ਉਡਾਣਾਂ ਦਾ ਸੰਚਾਲਣ ਅੰਮ੍ਰਿਤਸਰ ਤੋਂ ਕੀਤਾ ਗਿਆ।

ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿਚ ਇਹਨਾਂ ਅੰਤਰਰਾਸ਼ਟਰੀ ਉਡਾਣਾਂ ਦੇ ਪ੍ਰਬੰਧ ਤੋਂ ਖੁਸ਼ ਗੁਮਟਾਲਾ ਨੇ ਕਿਹਾ, “ਭਾਂਵੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਨਵੀਆਂ ਅੰਤਰਰਾਸ਼ਟਰੀ ਰੂਟ ਤੇ ਉਡਾਣਾਂ ਲਈ ਲੰਮੇ ਸਮੇਂ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਹੋਵੇ, ਪਰ ਇਸ ਮਹਾਂਮਾਰੀ ਦੇ ਸੰਕਟ ਦੌਰਾਨ ਏਅਰਪੋਰਟ ਤੋਂ ਇਨ੍ਹਾਂ ਸਾਰੀਆਂ ਵਿਸ਼ੇਸ਼ ਉਡਾਣਾਂ ਦੀ ਇਸ ਬੇਮਿਸਾਲ ਕੋਸ਼ਿਸ਼ ਨੇ ਭਵਿੱਖ ਵਿਚ ਲੰਡਨ, ਟੋਰਾਂਟੋ ਅਤੇ ਵੈਨਕੁਵਰ ਵਰਗੀਆਂ ਪ੍ਰਮੁੱਖ ਥਾਵਾਂ ਲਈ ਉਡਾਣਾਂ ਸ਼ੁਰੂ ਕਰਨ ਦੀ ਅਸਲ ਸਮਰੱਥਾ ਦਾ ਖੁਲਾਸਾ ਕੀਤਾ ਹੈ।”

ਸਾਨੂੰ ਉਮੀਦ ਹੈ ਕਿ ਇਹ ਅੰਕੜੇ ਭਵਿੱਖ ਵਿਚ ਇੱਥੋਂ ਬ੍ਰਿਟਿਸ਼ ਏਅਰਵੇਜ਼, ਏਅਰ ਕੈਨੇਡਾ ਜਾਂ ਇੱਥੋਂ ਤਕ ਕਿ ਭਾਰਤ ਦੀਆਂ ਹਵਾਈ ਕੰਪਨੀਆਂ ਵਲੋਂ ਇਹਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਿੱਚ ਮਦਦਗਾਰ ਹੋਣਗੇ। ਏਅਰ ਇੰਡੀਆਂ ਵਲੋਂ ਵੀ ਆਪਣੀ ਦਿੱਲੀ-ਟੋਰਾਂਟੋ ਜਾਂ ਲੰਡਨ ਹੀਥਰੋ ਲਈ ਉਡਾਣ ਦਾ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਨਾਲ ਸਮਾਂ ਅਤੇ ਪੈਸੇ ਦੋਵਾਂ ਦੀ ਬਹੁਤ ਬਚਤ ਹੋਵੇਗੀ ਅਤੇ ਪੰਜਾਬ ਨੁੰ ਇਕ ਵੱਡਾ ਆਰਥਿਕ ਲਾਭ ਵੀ ਮਿਲੇਗਾ।

Share This Article
Leave a Comment