ਸੰਤ ਤੇਜਾ ਸਿੰਘ ਦੀ ਬਰਸੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਅਨਿਨ ਸੇਵਕ ਸੰਤ ਬਾਬਾ ਤੇਜਾ ਸਿੰਘ ਮਹਾਰਾਜ (ਐਮ.ਏ.,ਐਲ.ਐਲ. ਬੀ.) ਦੀ 56ਵੀਂ ਬਰਸੀ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਬੜੂ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ (ਸੰਗਰੂਰ) ਵਿਖੇ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਈ ਗਈ।

ਇਸ ਮੌਕੇ ਗੁਰਦੁਆਰਾ ਬੜੂ ਸਾਹਿਬ ਵਿਖੇ ਆਨਲਾਈਨ ‘ਸੰਤ ਸਮਾਗਮ’ ਵੀ ਕਰਵਾਇਆ ਗਿਆ, ਜਿਸ ਦੌਰਾਨ ਜਿੱਥੇ ਅਨਾਹਦ ਬਾਣੀ ਕੀਰਤਨੀ ਜਥੇ ਦੁਆਰਾ ਤੰਤੀ ਸਾਜ਼ਾਂ ਰਾਹੀਂ ਰਸਭਿੰਨਾ ਕੀਰਤਨ ਕੀਤਾ ਗਿਆ, ਉਥੇ ਨਾਲ ਹੀ ਅਕਾਲ ਅਕੈਡਮੀ ਬੜੂ ਸਾਹਿਬ, ਅਕਾਲ ਇੰਸਟੀਚਿਊਟ ਆਫ ਰੂਰਲ ਵੂਮੈਨ ਐਮਪਾਵਰਮੈਂਟ, ਅਕਾਲ ਨਰਸਿੰਗ ਕਾਲਜ, ਅਕਾਲ ਕਾਲਜ ਆਫ ਡਿਵਾਈਨ ਮਿਊਜ਼ਿਕ ਅਤੇ ਇੰਟਰਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਸਮਾਗਮ ਦੌਰਾਨ ਆਪਣੀ ਹਾਜ਼ਰੀ ਲਗਵਾਈ। ਅਕਾਲ ਅਕੈਡਮੀਆਂ ਦੇ ਡਾਇਰੈਕਟਰ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਕੱਤਰ ਡਾ. ਦਵਿੰਦਰ ਸਿੰਘ ਜੀ ਵੱਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।

ਗੁਰਦੁਆਰਾ ਬੜੂ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਟਰੱਸਟ ਦੇ ਹਜ਼ੂਰੀ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਦੇ ਜੀਵਨ ਬਾਰੇ ਸੰਗਤਾਂ ਨੂੰ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਤੇਜਾ ਸਿੰਘ ਜੀ ਮਹਾਰਾਜ ਨੇ ਜਿਥੇ ਬੜੂ ਸਾਹਿਬ ਦੀ ਧਰਤੀ ਪ੍ਰਗਟ ਕੀਤੀ, ਉੱਥੇ ਨਾਲ ਹੀ ਵਿਦੇਸ਼ਾਂ ‘ਚ ਗੁਰੂ ਘਰ ਵੀ ਬਣਵਾਏ ਅਤੇ ਸਿੱਖਾਂ ਨੂੰ ਕੈਨੇਡਾ ‘ਚ ਰਹਿਣ ਦਾ ਹੱਕ ਵੀ ਦਿਵਾਇਆ। ਇਸ ਮੌਕੇ ‘ਦੀ ਕਲਗੀਧਰ ਟਰੱਸਟ ਬੜੂ ਸਾਹਿਬ’ ਵੱਲੋਂ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਨੇ ‘ਅਧਿਆਤਮਿਕ ਰਾਗ’ (ਪ੍ਰਭੂ ਉਸਤਤਿ ਦਾ ਉੱਤਮ ਸਾਧਨ) ਨਾਮੀ ਲਿਖੀ ਕਿਤਾਬ ਵੀ ਰਿਲੀਜ਼ ਕੀਤੀ । ਜਿਕਰਯੋਗ ਹੈ ਕਿ ਇਸ ਕਿਤਾਬ ‘ਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੇ 31 ਰਾਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਥੇ ਨਾਲ ਹੀ ਭਾਰਤੀ ਸੰਗੀਤ ਸ਼ੈਲੀ ਦੇ 30 ਰਾਗ ਵੀ ਦਰਜ਼ ਕੀਤੇ ਗਏ ਹਨ। ਸੋ ਇਹ ਪੁਸਤਕ 61 ਰਾਗਾਂ ਦਾ ਖਜ਼ਾਨਾ ਹੈ ਜੋ ਕਿ ਸੰਗੀਤ ਪ੍ਰੇਮੀਆਂ ਲਈ ਲਾਹੇਵੰਦ ਸਿੱਧ ਹੋਵੇਗੀ।

Share this Article
Leave a comment