ਸੁਖਮਿੰਦਰ ਰਾਮਪੁਰੀ ਅਤੇ ਪ੍ਰਿੰ. ਜਗਦੀਸ਼ ਸਿੰਘ ਘਈ ਦਾ ਦੇਹਾਂਤ

TeamGlobalPunjab
3 Min Read

ਚੰਡੀਗੜ੍ਹ: ਪੰਜਾਬੀ ਦੇ ਚਰਚਿਤ ਕਵੀ ਅਤੇ ਸੁਰੀਲੇ ਗੀਤਕਾਰ ਸੁਖਮਿੰਦਰ ਰਾਮਪੁਰੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸਾਹਿਤ ਸਭਾ ਰਾਮਪੁਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਉੱਘੇ ਕਾਰਕੁਨ ਅਤੇ ਆਗੂ ਸਨ। ਉਹ ਪਿਛਲੇ ਦਹਾਕੇ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਉਨ੍ਹਾਂ ਨੇ ਭਾਵੇਂ ਇੱਕ ਨਾਵਲ ਵੀ ਲਿਖਿਆ, ਪਰ ਉਨ੍ਹਾਂ ਦੀ ਪਛਾਣ ਇੱਕ ਮਧੁਰ ਗੀਤਕਾਰ ਤੇ ਪ੍ਰਤੀਬੱਧ ਕਵੀ ਵਜੋਂ ਸੀ। ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸੁਖਮਿੰਦਰ ਰਾਮਪੁਰੀ ਨੇ ਪੰਜਾਬੀ ਸਾਹਿਤ ਨੂੰ ‘ਯੁਗਾਂ ਯੁਗਾਂ ਦੀ ਪੀੜ’, ‘ਅਸੀਮਤ ਸਫ਼ਰ’, ‘ਮਿਹਰਬਾਨ ਹੱਥ’, ‘ਮੈਂ ਨਿਰੀ ਪਤਝੜ ਨਹੀਂ’, ‘ਧੀਆਂ’, ‘ਅੱਜ ਤੀਕ’, ‘ਇਹ ਸਫ਼ਰ ਜਾਰੀ ਰਹੇ’, ‘ਸਫ਼ਰ ਸਾਡੀ ਬੰਦਗੀ’, ‘ਤੁਹਾਨੂੰ ਕਿਵੇਂ ਲੱਗਦੀ ਹੈ’ ਅਤੇ ‘ਪੈਰੋਲ ‘ਤੇ ਆਈ ਕਵਿਤਾ’ ਆਦਿ ਕਾਵਿ ਸੰਗ੍ਰਹਿ ਦਿੱਤੇ। ਉਨ੍ਹਾਂ ਦਾ ਨਾਵਲ ‘ਗੁਲਾਬੀ ਛਾਂ ਵਾਲੀ ਕੁੜੀ’ ਪੰਜਾਬੀ ਹਲਕਿਆਂ ‘ਚ ਖ਼ਾਸ ਚਰਚਿਤ ਰਿਹਾ। ਉਹ ਆਪਣੇ ਸਮੇਂ ਦੇ ਉੱਘੇ ਖਿਡਾਰੀ ਵੀ ਸਨ।

ਉੱਘੇ ਸਿੱਖਿਆ ਸ਼ਾਸਤਰੀ, ਸਮਾਜ ਸੇਵੀ ਅਤੇ ਸਾਹਿਤ ਪ੍ਰੇਮੀ ਪ੍ਰਿੰ. ਜਗਦੀਸ਼ ਸਿੰਘ ਘਈ ਬਠਿੰਡਾ ਵਿਖੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਜਨਮ 11-11-1941 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਸੱਦਾ ਸਿੰਘ ਵਾਲਾ ਵਿਖੇ ਸੁਤੰਤਰਤਾ ਸੈਨਾਨੀ ਸ. ਬਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਲਾਜਵੰਤੀ ਦੀ ਕੁੱਖੋਂ ਹੋਇਆ। ਉਹ ਕੁਝ ਸਮਾਂ ਰੇਲਵੇ ਵਿਭਾਗ ਵਿੱਚ ਰਹੇ, ਜਿੱਥੇ ਰੇਲਵੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਲਾਮਬੰਦ ਕਰਨ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ। ਉਨ੍ਹਾਂ ਨੇ ਬਠਿੰਡਾ ਵਿਖੇ ਫੁਲਵਾੜੀ ਕਾਲਜ ਦੀ ਸਥਾਪਨਾ ਕੀਤੀ, ਜੋ ਬਾਅਦ ਵਿੱਚ ਪੰਜਾਬੀ ਲੇਖਕਾਂ ਅਤੇ ਸਾਹਿਤਕ, ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣਿਆ। ਫੁਲਵਾੜੀ ਕਾਲਜ ਬਠਿੰਡਾ ਜਿਸ ਦੇ ਉਹ ਪ੍ਰਿੰਸੀਪਲ ਸਨ, ਨੇ ਉੱਘੇ ਸਿੱਖਿਆ ਸ਼ਾਸਤਰੀ, ਚਿੰਤਕ, ਲੇਖਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੌਧ ਤਿਆਰ ਕੀਤੀ। ਉਹ ਨਗਰ ਕੌਂਸਲ ਬਠਿੰਡਾ ਦੇ ਮੀਤ ਪ੍ਰਧਾਨ ਰਹੇ। ਉਹ ਪਬਲਿਕ ਲਾਇਬਰੇਰੀ ਬਠਿੰਡਾ ਦੇ ਜਨਰਲ ਸਕੱਤਰ ਸਨ। ਆਪਣੀ ਹਯਾਤੀ ਦਾ ਲੰਮਾ ਹਿੱਸਾ ਉਨ੍ਹਾਂ ਨੇ ਸਮਾਜ ਸੇਵਾ, ਸਾਹਿਤਕ ਸਰਗਰਮੀਆਂ ਅਤੇ ਪਬਲਿਕ ਲਾਇਬਰੇਰੀ ਬਠਿੰਡਾ ਨੂੰ ਅਰਪਿਤ ਕੀਤਾ। ਉਹ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਈ ਅਹੁਦਿਆਂ ‘ਤੇ ਪੂਰੀ ਤਨਦੇਹੀ ਨਾਲ ਸਰਗਰਮ ਰਹੇ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੁਖਮਿੰਦਰ ਰਾਮਪੁਰੀ ਅਤੇ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੇ ਵਿਛੋੜੇ ਨਾਲ ਅਸੀਂ ਇੱਕ ਉੱਘੇ ਕਵੀ, ਚਿੰਤਕ ਅਤੇ ਇੱਕ ਸਮਰਪਿਤ ਸਮਾਜ ਸੇਵੀ ਅਤੇ ਸਾਹਿਤ ਨੂੰ ਪ੍ਰੋਤਸਾਹਨ ਦੇਣ ਵਾਲੀਆਂ ਸ਼ਖ਼ਸੀਅਤਾਂ ਤੋਂ ਵਾਂਝੇ ਹੋ ਗਏ ਹਾਂ। ਉਨ੍ਹਾਂ ਨੇ ਦੋਹਾਂ ਲੇਖਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

Share this Article
Leave a comment