ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।ਐਤਵਾਰ ਨੂੰ ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 37 ਸਥਿਤ ਲਾ ਆਡੀਟੋਰੀਅਮ ’ਚ ‘ਬੋਲਦਾ ਪੰਜਾਬ’ ਪ੍ਰੋਗਰਾਮ ’ਚ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।ਸਿੱਧੂ ਤੋਂ ਸਵਾਲ ਪੁੱਛਿਆ ਗਿਆ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੇ ਚੋਣਾਂ ਜਿੱਤ ਜਾਂਦੀ ਹੈ ਤਾਂ ਕੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਤਾਂ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਦਿੱਤੀ ਹਰ ਡਿਊਟੀ ਨੂੰ ਨਿਭਾਉਣਗੇ ਤੇ ਪੰਜਾਬ ਦੇ ਲੋਕਾਂ ਨਾਲ ਕਦੇ ਵੀ ਧੋਖਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਨੂੰ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ‘ਤੇ ਪੂਰਾ ਭਰੋਸਾ ਹੈ।
ਸਿੱਧੂ ਸੀ.ਐੱਮ. ਚੰਨੀ ਦੇ ਐਲਾਨਾਂ ਨੂੰ ਪੰਜਾਬੀਆਂ ਲਈ ਲੋਲੀਪੌਪ ਕਹਿੰਦੇ ਵੀ ਨਜ਼ਰ ਆਏ। ‘ਪੰਜਾਬ ਬੋਲਦਾ’ ਪ੍ਰੋਗਰਾਮ ਦੌਰਾਨ ਸਿੱਧੂ ਦੀ CM ਬਣਨ ਦੀ ਚਾਅ ਖੁੱਲ੍ਹ ਕੇ ਸਾਹਮਣੇ ਆਈ। ਉਨ੍ਹਾਂ ਹਾਈਕਮਾਨ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਮੈਂ ਸਿਆਸਤ ਵਿੱਚ ਸ਼ੋਅਪੀਸ ਬਣਨ ਨਹੀਂ ਆਇਆ।ਸਿੱਧੂ ਨੇ ਕਿਹਾ ਕਿ ਚੰਗੇ ਇਨਸਾਨ ਨੂੰ ਸਿਆਸਤ ਵਿੱਚ ਨੁਮਾਇਸ਼ ਦੀ ਚੀਜ਼ ਬਣਾ ਦਿੱਤਾ ਜਾਂਦਾ ਹੈ ਤੇ ਚੋਣਾਂ ਜਿੱਤਣ ਮਗਰੋਂ ਮੋਹਰੇ ਵਾਂਗ ਰੱਖ ਦਿੱਤਾ ਜਾਂਦਾ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਕੋਲ ਆਖ਼ਰੀ ਮੌਕਾ ਹੈ। ਰਾਜ ਦੀ ਜੋ ਵਿੱਤੀ ਸਥਿਤੀ ਹੈ, ਉਸ ਨੂੰ ਵੇਖ ਕੇ ਜੇਕਰ ਪਿਰਾਮਿਡ ਦੀ ਚੋਟੀ (ਮੁੱਖ ਮੰਤਰੀ ਦੀ ਕੁਰਸੀ) ’ਤੇ ਕੋਈ ਚੰਗਾ ਵਿਅਕਤੀ ਨਾ ਆਇਆ, ਤਾਂ ਅਰਾਜ਼ਕਤਾ ਫੈਲ ਜਾਵੇਗੀ। ਕਿਸੇ ਇਮਾਨਦਾਰ ਦੇ ਹੱਥ ’ਚ ਕਮਾਨੀ ਸੌਂਪੀ ਗਈ, ਤਾਂ ਤਸਵੀਰ ਬਦਲ ਜਾਵੇਗੀ, ਕਿਉਂਕਿ ਮੈਂ 2022 ਨਹੀਂ, ਸਗੋਂ ਉਸ ਤੋਂ ਅੱਗੇ ਦੀ ਸੋਚ ਰਿਹਾ ਹਾਂ। ਇਸ ਵਾਰ ਚੋਣਾਂ ’ਚ ਕਿਰਦਾਰ, ਨੈਤਿਕਤਾ ਤੇ ਪੰਜਾਬ ਨੂੰ ਇਸ਼ਕ ਕਰਨ ਵਾਲਿਆਂ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਸੱਤਾ ਵਿੱਚ ਆਉਣ ਲਈ ਕਦੇ ਵੀ ਪੰਜਾਬ ਵਾਸੀਆਂ ਨਾਲ ਝੂਠ ਨਹੀਂ ਬੋਲਾਂਗਾ ਤੇ ਨਾ ਹੀ ਚੋਣਾਂ ਜਿੱਤਣ ਲਈ ਖੁਦ ਨੂੰ ਸ਼ੋਅਪੀਸ ਬਣਾਵਾਂਗਾ।ਬੋਲਦਾ ਪੰਜਾਬ ਪ੍ਰੋਗਰਾਮ ਦਾ ਪ੍ਰਬੰਧ ਪ੍ਰੋ ਮਨਜੀਤ ਸਿੰਘ ਅਤੇ ਅਵਤਾਰ ਸਿੰਘ ਵੱਲੋਂ ਕੀਤਾ ਗਿਆ ਸੀ।