ਸਿੰਘੂ ਬਾਰਡਰ ਕਤਲ ਕਾਂਡ : ਕੀ ਸਾਜਿਸ਼ ਦੀ ਸਕ੍ਰਿਪਟ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ ?

TeamGlobalPunjab
3 Min Read

-ਗੁਰਮੀਤ ਸਿੰਘ ਸਿੰਗਲ;

ਮੀਡੀਆ ਰਿਪੋਟਾਂ ਅਨੁਸਾਰ ਸਿੰਘੁ ਬਾਰਡਰ ‘ਤੇ ਨਿਹੰਗ ਸਿੰਘਾਂ ਵਲੋਂ ਕਤਲ ਕੀਤਾ ਗਿਆ ਲਖਬੀਰ ਸਿੰਘ ਨਸ਼ੇ ਦਾ ਆਦੀ ਸੀ। ਨਸ਼ਾ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦਾ ਸੀ। ਉਸ ਦੇ ਪਰਿਵਾਰ ਵਾਲਿਆਂ ਦੇ ਕਹਿਣ ਅਨੁਸਾਰ ਉਹ ਨਸ਼ਾ ਕਰਨ ਲਈ ਘਰ ਦੀ ਕੋਈ ਵੀ ਚੀਜ਼ ਚੁੱਕ ਕੇ ਵੇਚ ਦਿੰਦਾ ਸੀ। ਹੁਣ ਸਵਾਲ ਇਹ ਉੱਠਦਾ ਹੈ ਅਜਿਹੇ ਨਸ਼ੇੜੀ ਨੂੰ ਕਿੰਨੀ ਕੁ ਰਾਜਨੀਤਕ ਅਤੇ ਧਾਰਮਿਕ ਸੂਝ ਹੋਵੇਗੀ। ਉਸ ਨੂੰ ਕਿਸਾਨੀ ਸ਼ੰਘਰਸ਼ ਪ੍ਰਤੀ ਵੀ ਕਿੰਨੀ ਕੁ ਸੂਝ ਹੋਵੇਗੀ ?

ਦਿੱਲੀ ਜਾਣ ਤੋਂ ਪਹਿਲਾਂ ਉਸ ਪਾਸ ਕੇਵਲ 50 ਰੁਪਏ ਸੀ ਜੋ ਉਸ ਨੇ ਆਪਣੀ ਭੈਣ ਤੋਂ ਲਏ ਸਨ। ਅੱਗੋਂ ਉਸ ਦੇ ਭੈਣ ਨੇ ਵੀ ਇਹ ਪੈਸੇ ਕਿਸੇ ਤੋਂ ਉਧਾਰ ਫੜ ਕੇ ਦਿੱਤੇ ਸਨ। ਇਥੋਂ ਹੀ ਇਸ ਪਰਿਵਾਰ ਦੀ ਘੋਰ ਗਰੀਬੀ ਦਾ ਅੰਦਾਜ਼ਾ ਲਇਆ ਜਾ ਸਕਦਾ ਹੈ। ਅਜਿਹੇ ਗੁਰਬਤ ਦਾ ਮਾਰੇ ਇਨਸਾਨ ਨੂੰ ਆਪਣੀ ਰੋਜ਼ੀ ਰੋਟੀ ਤੋਂ ਇਲਾਵਾ ਕੁਝ ਨਹੀਂ ਸੁਝਦਾ। ਉਹ ਰਾਜਨੀਤਕ ਅਤੇ ਧਾਰਮਿਕ ਗਤੀਵਿਧੀਆਂ ਤੋਂ ਬਿਲਕੁਲ ਕੋਰਾ ਹੁੰਦਾ ਹੈ। ਸਿੰਘੂ ਬਾਰਡਰ ਉਸ ਦੇ ਹਿੰਦੁਸਤਾਨ-ਪਾਕਿਸਤਾਨ ਸਰਹਦੀ ਖੇਤਰ ‘ਤੇ ਪੈਂਦੇ ਪਿੰਡ ਤੋਂ ਲਗਭਗ 600 ਕਿਲੋਮੀਟਰ ਦੂਰ ਹੈ। ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਕਿ ਬਲਬੀਰ ਸਿੰਘ ਕੇਵਲ 50 ਰੁਪਏ ਨਾਲ ਸਿੰਘੁ ਬਾਰਡਰ ‘ਤੇ ਕਿਵੇਂ ਪਹੁੰਚਿਆ। ਵੱਖ ਵੱਖ ਚੈਨਲਾਂ ‘ਤੇ ਲਖਬੀਰ ਸਿੰਘ ਦੇ ਪਰਿਵਾਰਕ ਮੈਂਬਰ ਕਹਿੰਦੇ ਸੁਣੇ ਗਏ ਹਨ ਕਿ ਬਲਬੀਰ ਬੰਦ ਕਮਰੇ ਵਿਚ ਕਿਸੇ ਨਾਲ ਲੰਮੀ ਗਲਬਾਤ ਕਰਦਾ ਸੀ। ਇਸ ਗਲਬਾਤ ਬਾਰੇ ਉਹ ਕਿਸੇ ਕੋਲ ਭੇਦ ਨਹੀਂ ਖੋਲ੍ਹਦਾ ਸੀ। ਇਸ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਜਿਸ ਦੀ ਜੇਬ ਵਿਚ ਇਕ ਆਨਾ ਵੀ ਨਹੀਂ ਹੁੰਦਾ ਉਸ ਪਾਸ ਮੋਬਾਈਲ ਫੋਨ ਕਿਥੋਂ ਆ ਗਿਆ। ਉਹ ਕਿਸ ਨਾਲ ਬੰਦ ਕਮਰੇ ਵਿਚ ਲੰਮੀਆਂ ਗਲਾਂ ਕਰਦਾ ਸੀ?

ਇਸ ਤੋਂ ਭਾਵ ਹੈ ਕਿ ਕੋਈ ਨਾ ਕੋਈ ਉਸ ਦੇ ਸੰਪਰਕ ਵਿਚ ਸੀ, ਪਰ ਸਵਾਲ ਇਹ ਵੀ ਉੱਠਦਾ ਹੈ ਕਿ ਅਜਿਹੇ ਘੋਰ ਗਰੀਬ ਅਤੇ ਅਤ ਦੇ ਨਸ਼ਈ ਤੋਂ ਕਿਸੇ ਨੇ ਕੀ ਲੈਣਾ ਦੇਣਾ ਸੀ।

”ਦਿ ਟ੍ਰਿਬਿਊਨ” ਦੀ ਰਿਪੋਰਟ ਅਨੁਸਾਰ ਨਿਹੰਗ ਸਿੰਘ ਬਾਬਾ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਭਾਜਪਾ ਦੇ ਹੋਰ ਆਗੂਆਂ ਨਾਲ ਤਸਵੀਰਾਂ ਹਨ। ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਕਾਰੇ ਪਿੱਛੇ ਪਾਰਟੀ ਆਗੁਆਂ ਦੀ ਗਹਿਰੀ ਸਾਜਿਸ਼ ਹੈ। ਇਸ ਦਾ ਸਿੱਧਾ ਮਕਸਦ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨ ਜਿਸ ਵਿਰੁੱਧ ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਨੂੰ ਬਦਨਾਮ ਕਰਕੇ ਇਸ ਅੰਦੋਲਨ ਨੂੰ ਸਾਬੋਤਾਜ ਕਰਕੇ ਕਿਸਾਨਾਂ ਨੂੰ ਉਠਾਣਾ। ਇਸ ਨੂੰ ਕੋਝੀ ਸਾਜਿਸ਼ ਗਰਦਾਨਿਆ ਜਾਂਦਾ ਹੈ। ਇਸ ਘਟਨਾਕ੍ਰਮ ਤੋਂ ਇਹ ਸਵਾਲ ਉਠਦੇ ਕਿ ਕੀ ਇਸ ਸਾਜਿਸ਼ ਦੀ ਇਬਾਰਤ ਪਹਿਲਾਂ ਹੀ ਤਿਆਰ ਕੀਤੀ ਗਈ ਸੀ?

Share This Article
Leave a Comment