ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕੁਝ ਦਿਨ ਪਹਿਲਾਂ ਗੈਰੀ ਸ਼ੂਟਰ ਨਾਮ ਦੇ ਇਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਧਮਕੀ ਦੇਣ ਵਾਲੇ ਵਿਅਕਤੀ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਮਸ਼ਹੂਰ ਹੋਣ ਲਈ ਅਜਿਹਾ ਕੀਤਾ।
ਦੋਵੇਂ ਮੁਲਜ਼ਮ ਕਾਰ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਹਨ। ਪੁਲਿਸ ਨੇ ਕਿਹਾ ਕਿ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਸੋਸ਼ਲ ਮੀਡੀਆ ਉੱਤੇ ਧਮਕੀ ਦੇਣ ਵਾਲੇ ਮੁਲਜ਼ਮ ਦਾ ਨਾਮ ਜੈਕੀ ਬਿਸ਼ਨੋਈ ਤੇ ਉਸਦੇ ਦੂਜੇ ਸਾਥੀ ਦਾ ਨਾਮ ਜਗਦੀਸ਼ ਹੈ। ਜੈਕੀ ਨੇ ਆਪਣਾ ਨਾਮ ਸੁਰਖੀਆਂ ਚ ਲਿਆਉਣ ਲਈ ਤੇ ਆਸ ਪਾਸ ਦੇ ਇਲਾਕਿਆਂ ਚ ਆਪਣਾ ਡਰ ਬਣਾਉਣ ਲਈ ਅਜਿਹਾ ਕੀਤਾ।
ਖ਼ੈਰ, ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਸਲਮਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੋਵੇ। ਪਿਛਲੇ ਸਾਲ ਜੂਨ ਵਿੱਚ, ਲਾਰੈਂਸ ਬਿਸ਼ਨੋਈ ਨਾਮ ਦੇ ਇੱਕ ਗੈਂਗਸਟਰ ਨੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਹ ਪੂਰਾ ਮਾਮਲਾ ਉਸ ਸਮੇਂ ਦਾ ਹੈ ਜਦੋਂ ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ ਸਲਮਾਨ ਜੋਧਪੁਰ ਦੀ ਅਦਾਲਤ ਵਿੱਚ ਸੁਣਵਾਈ ਲਈ ਗਏ ਸਨ। ਉਸ ਸਮੇਂ, ਲਾਰੈਂਸ ਦੀ ਧਮਕੀ ਨੂੰ ਜ਼ਿਆਦਾ ਧਿਆਨ ਚ ਨਹੀਂ ਲਿਆ ਗਿਆ, ਪਰ 6 ਮਈ, 2018 ਨੂੰ, ਹਰਿਆਣਾ ਪੁਲਿਸ ਨੇ ਸੰਪਤ ਨੂੰ ਫੜ ਲਿਆ, ਜਿਸ ਨੇ ਲਾਰੈਂਸ ਦੀ ਪੂਰੀ ਯੋਜਨਾ ਦਾ ਖੁਲਾਸਾ ਕੀਤਾ।
ਹਾਲਾਂਕਿ, ਇਸ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਵੈਸੇ ਵੀ, ਸਲਮਾਨ ਦੇ ਨਾਲ ਉਸਦੀ ਸੁਰੱਖਿਆ ਲਈ ਬਹੁਤ ਸਾਰੇ ਬਾਡੀਗਾਰਡ ਮੌਜੂਦ ਹੁੰਦੇ ਹਨ। ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਇੱਕ ਪੋਸਟ ਵਿੱਚ ਲਿਖਿਆ ਗਿਆ ਸੀ “ਸਲਮਾਨ, ਤੁਸੀਂ ਭਾਰਤ ਦੇ ਕਾਨੂੰਨ ਤੋਂ ਬਚ ਸਕਦੇ ਹੋ, ਪਰ ਬਿਸ਼ਨੋਈ ਸਮਾਜ ਅਤੇ ਸੋਪੂ ਪਾਰਟੀ ਦੇ ਕਾਨੂੰਨ ਨੇ ਤੁਹਾਨੂੰ ਮੌਤ ਦੀ ਸਜ਼ਾ ਸੁਣਾਈ ਹੈ।” ਤੁਸੀਂ ਸੋਪੂ ਦੀ ਅਦਾਲਤ ਵਿੱਚ ਦੋਸ਼ੀ ਹੋ।