-ਸਿੱਖ ਇਤਿਹਾਸ ਪ੍ਰਤੀ ਰੁਚੀ ਦਿਖਾਉਂਦਿਆਂ ਪਾਠਕਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਨਾਵਾਂ ’ਚ ਵਿਖਾਈ ਦਿਲਚਸਪੀ
ਅੰਮ੍ਰਿਤਸਰ:ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਤਾਂ ਦੀ ਤਰਜ਼ਮਾਨੀ ਕਰਦੇ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਏਸ਼ੀਆ ਦੇ ਸਭ ਤੋਂ ਵੱਡੇ ਪੁਸਤਕ ਮੇਲੇ ਵਿਚ ਸ਼ਮੂਲੀਅਤ ਕੀਤੀ ਗਈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਪੁਸਤਕ ਮੇਲੇ ’ਚ ਲਗਾਏ ਗਏ ਸ਼੍ਰੋਮਣੀ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਦੇ ਸਟਾਲ ਪ੍ਰਤੀ ਪਾਠਕਾਂ ਵੱਲੋਂ ਭਾਰੀ ਉਤਸੁਕਤਾ ਦਿਖਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਮਿਸ਼ਨ ਦਿੱਲੀ ਦੇ ਸਹਾਇਕ ਇੰਚਾਰਜ ਭਾਈ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਵਿਸ਼ਵ ਪੁਸਤਕ ਮੇਲੇ ’ਚ ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਪੁਸਤਕਾਂ ਲਗਾਈਆਂ ਗਈਆਂ ਸਨ।
ਇਸ ਦੌਰਾਨ ਸਿੱਖ ਧਰਮ ਤੋਂ ਇਲਾਵਾ ਦੂਜੇ ਧਰਮਾਂ ਦੇ ਪਾਠਕਾਂ ਨੇ ਵੀ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਸਬੰਧਤ ਸਾਹਿਤ ਖਰੀਦਣ ਵਿਚ ਰੁਚੀ ਦਿਖਾਈ। ਉਨ੍ਹਾਂ ਦੱਸਿਆ ਕਿ ਪੁਸਤਕ ਮੇਲੇ ਦੌਰਾਨ ਚੀਨ ਤੋਂ ਪਹੁੰਚੇ ਇਕ ਪਾਠਕ ਮਿਸਟਰ ਲੀ ਨੇ ਕਿਹਾ ਕਿ ਉਹ ਸਿੱਖ ਧਰਮ ਬਾਰੇ ਕਾਫ਼ੀ ਸਮੇਂ ਤੋਂ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਸਟਾਲ ਤੋਂ ਉਸਨੂੰ ਗਿਆਨ ਭਰਪੂਰ ਕਿਤਾਬਾਂ ਮਿਲੀਆਂ ਹਨ।
ਪੁਸਤਕ ਮੇਲੇ ਦੌਰਾਨ ਹੋਰ ਪਾਠਕਾਂ ਵੱਲੋਂ ਵੀ ਸ਼੍ਰੋਮਣੀ ਕਮੇਟੀ ਦੇ ਉਪਰਾਲੇ ਦੀ ਭਰਵੀਂ ਪ੍ਰਸੰਸਾ ਕੀਤੀ ਗਈ। ਪੁਸਤਕ ਮੇਲੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਟਾਲ ’ਤੇ ਪ੍ਰਚਾਰਕ ਭਾਈ ਕੁਲਵੰਤ ਸਿੰਘ, ਭਾਈ ਪ੍ਰਭ ਸਿੰਘ, ਸ. ਨਰਿੰਦਰ ਸਿੰਘ, ਭਾਈ ਜਰਨੈਲ਼ ਸਿੰਘ, ਭਾਈ ਅਜਾਦਵਿੰਦਰ ਸਿੰਘ ਅਤੇ ਭਾਈ ਸਿਮਰਨਜੀਤ ਸਿੰਘ ਵੱਲੋਂ ਸੇਵਾ ਨਿਭਾਈ ਗਈ।