ਖੇਤੀ, ਉਦਯੋਗ ਅਤੇ ਸਿੱਖਿਆ ਖੇਤਰਾਂ ਦੇ ਆਪਸੀ ਸਹਿਚਾਰ ਨਾਲ ਹੀ ਅੱਗੇ ਵਧ ਸਕਦੇ ਹਾਂ : ਡਾ. ਢਿੱਲੋਂ

TeamGlobalPunjab
4 Min Read

ਪੀ.ਏ.ਯੂ. ਵਿੱਚ ਅਕਾਦਮਿਕ-ਉਦਯੋਗ-ਸਰਕਾਰ ਦੇ ਸਹਿਯੋਗ ਬਾਰੇ ਵਰਕਸ਼ਾਪ ਸਮਾਪਤ

ਲੁਧਿਆਣਾ: ਪੀ.ਏ.ਯੂ. ਵਿੱਚ ਬੀਤੇ ਕੱਲ੍ਹ ਆਈ ਸੀ ਏ ਆਰ, ਖੇਤੀ ਖੋਜ ਪ੍ਰਬੰਧਨ ਦੀ ਰਾਸ਼ਟਰੀ ਅਕਾਦਮੀ (ਨਾਰਮ) ਹੈਦਰਾਬਾਦ ਦੇ ਸਹਿਯੋਗ ਨਾਲ ਦੋ ਦਿਨਾਂ ਵਰਕਸ਼ਾਪ ਸਮਾਪਤ ਹੋਈ। ਇਸ ਵਰਕਸ਼ਾਪ ਵਿੱਚ ਮਿਆਰੀ ਖੇਤੀ ਸਿੱਖਿਆ ਲਈ ਅਕਾਦਮਿਕ ਸੰਸਥਾਵਾਂ-ਉਦਯੋਗਿਕ ਇਕਾਈਆਂ-ਸਰਕਾਰ ਵਿਚਕਾਰ ਹੋਰ ਤਾਲਮੇਲ ਦੀ ਦਿਸ਼ਾ ਅਤੇ ਸੰਭਾਵਨਾਵਾਂ ਬਾਰੇ ਵਿਚਾਰਾਂ ਲਈ ਮਾਹਿਰਾਂ ਨੇ ਚਰਚਾ ਕੀਤੀ। ਇਸ ਵਰਕਸ਼ਾਪ ਵਿੱਚ ਪੀ.ਏ.ਯੂ. ਤੋਂ ਬਿਨਾਂ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ, ਗੁਰੂ ਅੰਗਦ ਦੇਵ ਵੈਟਨਰੀ ਸਾਇੰਸਜ਼ ਯੂਨੀਵਰਸਿਟੀ, ਸ਼ੇਰੇ ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸਜ਼ ਐਂਡ ਤਕਨਾਲੋਜੀ, ਡਾ. ਵਾਈ ਐਸ ਪਰਮਾਰ ਯੂਨੀਵਰਸਿਟੀ ਆਫ਼ ਹੋਰਟੀਕਲਚਰ ਐਂਡ ਫੋਰੈਸਟਰੀ ਸੋਲਨ, ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਪਾਲਮਪੁਰ ਤੋਂ ਵਿਗਿਆਨੀਆਂ ਨੇ ਹਿੱਸਾ ਲਿਆ।

ਸਮੁੱਚੀ ਵਿਚਾਰ ਚਰਚਾ ਨੂੰ ਸਮੇਟਦਿਆਂ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਵਰਕਸ਼ਾਪ ਨੂੰ ਨਵੇਂ ਖੇਤੀ ਸਿੱਖਿਆ ਦ੍ਰਿਸ਼ ਦੀ ਉਸਾਰੀ ਪੱਖੋਂ ਵਿਸ਼ੇਸ਼ ਮਹੱਤਵ ਵਾਲੀ ਕਿਹਾ। ਉਹਨਾਂ ਕਿਹਾ ਕਿ ਅਕਾਦਮਿਕ ਖੇਤਰ ਨੂੰ ਬੇਹਤਰ ਬਣਾਉਣ ਲਈ ਪਾਠਕ੍ਰਮ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਕਿੱਤਾ ਮੁਹਾਰਤ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਡਾ. ਢਿੱਲੋਂ ਨੇ ਕਿਹਾ ਕਿ ਰੁਜ਼ਗਾਰ ਦੇ ਨੁਕਤੇ ਤੋਂ ਸਾਨੂੰ ਖੇਤੀ ਅਤੇ ਉਦਯੋਗ ਖੇਤਰ ਦੀਆਂ ਨਵੀਆਂ ਲੋੜਾਂ ਦੀ ਨਿਸ਼ਾਨਦੇਹੀ ਲਾਜ਼ਮੀ ਰੂਪ ਵਿੱਚ ਕਰਨੀ ਪਵੇਗੀ ਤਾਂ ਜੋ ਖੇਤੀ ਸਿੱਖਿਆ ਵਿੱਚ ਅਜਿਹੇ ਕੋਰਸ ਡਿਜ਼ਾਈਨ ਕੀਤੇ ਜਾ ਸਕਣ ਤਾਂ ਜੋ ਵਿਦਿਆਰਥੀਆਂ ਵਿੱਚ ਕਿੱਤਾ ਮੁਹਾਰਤ ਭਰਨ ਦੇ ਨਾਲ-ਨਾਲ ਮਾਹਿਰ ਮਨੁੱਖੀ ਕਿਰਤ ਸ਼ਕਤੀ ਦੀ ਪੂਰਤੀ ਵੀ ਹੋ ਸਕੇ। ਡਾ. ਢਿੱਲੋਂ ਨੇ ਕਿਹਾ ਕਿ ਪ੍ਰੋਸੈਸਿੰਗ ਵਿੱਚ ਵੀ ਸਥਾਨਕ ਸਭਿਆਚਾਰ ਨੂੰ ਧਿਆਨ ਵਿੱਚ ਰੱਖਦਿਆਂ ਸਾਗ, ਅਲਸੀ ਦੀਆਂ ਪਿੰਨੀਆਂ ਅਤੇ ਹੋਰ ਰਵਾਇਤੀ ਚੀਜ਼ਾਂ ਦੀ ਪ੍ਰੋਸੈਸਿੰਗ ਬੇਹੱਦ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾ ਕਿਹਾ ਕਿ ਬੀਜ ਉਤਪਾਦਨ, ਮੱਛੀ ਪਾਲਣ ਅਤੇ ਪ੍ਰੋਸੈਸਿੰਗ ਉਦਯੋਗ ਦੇ ਖੇਤਰ ਵਿੱਚ ਬਿਨਾਂ ਸ਼ੱਕ ਵਧੇਰੇ ਗੁੰਜਾਇਸ਼ ਨਜ਼ਰ ਆਉਂਦੀ ਹੈ। ਇਸ ਵਰਕਸ਼ਾਪ ਦੇ ਤਕਨੀਕੀ ਸੈਸ਼ਨਾਂ ਬਾਰੇ ਪੇਸ਼ ਰਿਪੋਰਟਾਂ ਉਪਰ ਵਿਚਾਰ-ਵਟਾਂਦਰੇ ਲਈ ਡਾ. ਢਿੱਲੋਂ ਨੇ ਵਿਸ਼ੇਸ਼ ਦਿਲਚਸਪੀ ਵਿਖਾਈ।

ਇਸ ਸਮੁੱਚੀ ਵਰਕਸ਼ਾਪ ਦੇ ਪੰਜ ਸੈਸ਼ਨਾਂ ਦੌਰਾਨ ਜਿੱਥੇ ਤਿੰਨੇ ਖੇਤਰਾਂ ਦੀਆਂ ਲੋੜਾਂ ਅਤੇ ਇੱਕ ਦੂਜੇ ਖੇਤਰਾਂ ਤੋਂ ਉਮੀਦਾਂ ਉਭਰ ਕੇ ਸਾਹਮਣੇ ਆਈਆਂ ਉਥੇ ਸਹਿਯੋਗ ਲਈ ਆਸਾਰ ਵੀ ਉਭਰਦੇ ਨਜ਼ਰ ਆਏ। ਲਾਜ਼ਮੀ ਰੂਪ ਵਿੱਚ ਇਹ ਵਰਕਸ਼ਾਪ ਆਉਣ ਵਾਲੇ ਸਮੇਂ ਵਿੱਚ ਖੇਤੀ ਸਿੱਖਿਆ, ਉਦਯੋਗ ਖੇਤਰ ਅਤੇ ਕਲਿਆਣਕਾਰੀ ਸਰਕਾਰੀ ਨੀਤੀਆਂ ਲਈ ਰਾਹ ਦਸੇਰੀ ਸਾਬਤ ਹੋਵੇਗੀ।

- Advertisement -

ਇਸ ਮੌਕੇ ਨਾਰਮ ਹੈਦਰਾਬਾਦ ਦੇ ਮੁੱਖ ਵਿਗਿਆਨੀ ਡਾ. ਐਸ ਸੇਨਥਿਲ ਨੇ ਇਸ ਵਰਕਸ਼ਾਪ ਨੂੰ ਮਿਆਰੀ ਖੇਤੀ, ਸਿੱਖਿਆ ਦੇ ਮਾਹੌਲ ਲਈ ਉਸਾਰੂ ਧਾਰਨਾਵਾਂ ਪੇਸ਼ ਕਰਨ ਵਾਲੀ ਕਿਹਾ।

ਆਖਰੀ ਸੈਸ਼ਨ ਤਿੰਨਾਂ ਖੇਤਰਾਂ ਦੇ ਆਪਸੀ ਸੰਵਾਦ ਦਾ ਸੀ। ਇਸ ਵਿੱਚ ਡਾ. ਐਸ.ਐਸ. ਕੁੱਕਲ ਅਤੇ ਡਾ. ਹਕੀਮ ਅਹਿਮਦ ਨੇ ਸਾਂਝੇ ਰੂਪ ਵਿੱਚ ਪ੍ਰਧਾਨਗੀ ਕੀਤੀ। ਸਵੇਰੇ ਡੈਲੀਗੇਟਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਦੌਰਾ ਕਰਵਾਇਆ ਗਿਆ। ਵਰਕਸ਼ਾਪ ਦੌਰਾਨ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਨਵੇਂ ਅੰਕ ਜਾਰੀ ਕੀਤੇ ਗਏ। ਡਾ. ਵਿਸ਼ਾਲ ਬੈਕਟਰ ਨੇ ਸਮੁੱਚੇ ਸਮਾਗਮ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧਕਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਡੀਨ ਡਾ. ਐਮ.ਆਈ.ਐਸ. ਗਿੱਲ, ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਸਮੇਤ ਅਧਿਆਪਕ, ਵਿਦਿਆਰਥੀ ਅਤੇ ਹੋਰ ਕਰਮਚਾਰੀ ਮੌਜੂਦ ਸਨ।

Share this Article
Leave a comment