ਚੰਡੀਗੜ੍ਹ: ਇਥੇ ਪੰਜਾਬ ਕਲਾ ਭਵਨ ਸੈਕਟਰ 16 ਵਿਚ ਪੰਜਾਬ ਕਲਾ ਪਰਿਸ਼ਦ ਵੱਲੋਂ ਮਰਹੂਮ ਸ਼ਾਇਰ (ਬਖਤਾਵਰ ਸਿੰਘ ਦਿਓਲ) ਦਿਓਲ ਦੀ ਯਾਦ ਵਿੱਚ ‘ਦਿਓਲ ਨੂੰ ਯਾਦ ਕਰਦਿਆਂ’ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤੀ। ਮਿਆਰੀ ਗੀਤ ਗਾਉਣ ਵਾਲੇ ਗਾਇਕ ਗੁਰਿੰਦਰ ਗੈਰੀ ਨੇ ਦਿਓਲ ਦੀਆਂ ਕੁੱਝ ਨਜ਼ਮਾਂ ਸੰਗੀਤਬਧ ਕਰਕੇ ਆਪਣੇ ਸੁਰਾਂ ਵਿੱਚ ਗਾਈਆਂ ਜਿਸ ਦੀ ਸਰੋਤਿਆਂ ਨੇ ਭਰਵੀਂ ਦਾਦ ਦਿੱਤੀ।
ਡਾ. ਪਾਤਰ ਵੱਲੋਂ ਦਿਓਲ ਦੀ ਲੰਬੀ ਕਵਿਤਾ ‘ਪਿਆਸ’ ‘ਤੇ ਆਧਾਰਤ ਮਰਹੂਮ ਸ਼ਾਇਰ ਦੀ ਕਵਿਤਾ ਦਾ ਵਿਸ਼ੇਲਸ਼ਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਿਓਲ ਚੇਤਨ ਤੇ ਸਹਿਜਤਾ ਨਾਲ ਕਵਿਤਾ ਰਚਦੇ ਰਹੇ ਤੇ ਸਮੇਂ ਦੇ ਹਾਣੀ ਸ਼ਾਇਰ ਬਣੇ।
ਡਾ. ਜਲੌਰ ਸਿੰਘ ਖੀਵਾ ਨੇ ‘ਦਿਓਲ ਦੀਆਂ ਕਵਿਤਾਵਾਂ’ ਕਿਤਾਬ ਦੇ ਆਧਾਰਤ ਕਵੀ ਦੀ ਕਵਿਤਾ ਦੇ ਲੋਕਧਾਰਾ, ਚਿੰਤਨਸ਼ੀਲਤਾ, ਇਤਿਹਾਸਕ/ਸਿਜਣਾਤਮਕ ਪੱਖਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਤਾਬ ਵਿੱਚੋਂ ਕਈ ਕਵਿਤਾਵਾਂ ਪੜ੍ਹੀਆਂ ਤੇ ਉਨ੍ਹਾਂ ਵਿਚਲੀ ਬੋਲੀ, ਬਿੰਬਾਂ, ਵਿਸ਼ਿਆਂ ਤੇ ਲੋਕ ਰੰਗ ਨੂੰ ਆਲੋਚਨਾਤਮਿਕ ਦ੍ਰਿਸ਼ਟੀ ਤੋਂ ਘੋਖਿਆ ਅਤੇ ਪੰਜਾਬੀ ਲੋਕ ਬੋਲੀਆਂ ‘ਤੇ ਆਧਾਰਤ ਰਚੀਆਂ ਕਵਿਤਾਵਾਂ ਦੇ ਹਵਾਲੇ ਦਿੱਤੇ।
ਮਰਹੂਮ ਸ਼ਾਇਰ ਬਖਤਾਵਰ ਸਿੰਘ ਦਿਓਲ ਦੇ ਪੁੱਤਰ ਮਨਧੀਰ ਸਿੰਘ ਦਿਓਲ ਵੱਲੋਂ ‘ਪੁੱਤਰ ਦੀ ਨਜ਼ਰ ‘ਚ ਪਿਤਾ’ ਤਹਿਤ ਕਿਹਾ ਕਿ ਦਿਓਲ ਦੇ ਸੰਘਰਸ਼ ਭਰੇ ਜੀਵਨ ਦੌਰਾਨ ਲਿਖਣ ਕਾਰਜ ਜਾਰੀ ਰੱਖਿਆ ਤੇ ਆਖ਼ਰੀ ਸਾਹ ਵੀ ਇਕ ਲੰਬੀ ਕਵਿਤਾ ‘ਸ਼ਗਨਾਂ ਦਾ ਗਾਨਾ’ ਲਿਖਦੇ ਹੋਏ ਲਿਆ। ਉਹ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਵੀ ਡਟ ਕੇ ਲਿਖਦੇ ਰਹੇ। ਗਾਇਕ ਗੁਰਿੰਦਰ ਗੈਰੀ ਨੇ ‘ਭਰਮ, ‘ਸਾਉਣ ਦਾ ਗੀਤ’, ‘ਅਧੂਰੀ ਕਥਾ’ ਨੇ ਰਚਨਾਵਾਂ ਗਾਈਆਂ।
ਮੰਚ ਸੰਚਾਲਕ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਦਿਓਲ ਨੇ ਕਰੀਬ 500 ਕਵਿਤਾਵਾਂ ਰਚਣ ਸਮੇਤ ਨਾਵਲ, ਕਹਾਣੀਆਂ, ਨਾਟਕ, ਇਕਾਂਗੀ, ਕਾਵਿ-ਨਾਟਕ ਪੰਜਾਬੀ ਸਾਹਿਤ ਦੀ ਝੋਲੀ ਪਾਏ।
ਇਸ ਮੌਕੇ ਗੁਰਿੰਦਰ ਸਿੰਘ ਕਲਸੀ, ਡਾ. ਲਾਭ ਸਿੰਘ ਖੀਵਾ, ਸੁਰਿੰਦਰ ਸਿੰਘ ਗਰੋਆ, ਨਾਟਕਕਾਰ ਸੰਜੀਵਨ, ਡਾ. ਸਰਬਜੀਤ ਸਿੰਘ, ਡਾ. ਗੁਰਮੇਲ ਸਿੰਘ, ਬਾਬੂ ਰਾਮ ਦੀਵਾਨਾ, ਸਰਦਾਰਾ ਸਿੰਘ ਚੀਮਾ, ਦਵੀ ਦਵਿੰਦਰ ਕੌਰ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਮਲਕੀਅਤ ਕੌਰ ਬਸਰਾ ਤੇ ਹਰਸਿਮਨ ਕੌਰ ਸਮੇਤ ਹੋਰ ਸਾਹਿਤਕਾਰ ਹਾਜ਼ਰ ਸਨ।