ਬਠਿੰਡਾ : ਲਾਲ ਕਿਲਾ ਹਿੰਸਾ ‘ਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਵੱਲੋਂ ਬੀਤੇ ਦਿਨੀਂ ਪਿੰਡ ਮਹਿਰਾਜ ਦੇ ਵਿੱਚ ਕੀਤੀ ਗਈ ਰੈਲੀ ਤੋਂ ਬਾਅਦ ਸਿਆਸੀ ਪਾਰਾ ਲਗਾਤਾਰ ਉਤਾਂਹ ਨੂੰ ਚੜ੍ਹਦਾ ਜਾ ਰਿਹਾ ਹੈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਸਿਆਸੀ ਸਮੀਕਰਨ ਵੀ ਤੇਜ਼ੀ ਨਾਲ ਬਦਲਦੇ ਜਾ ਰਹੇ ਹਨ । ਲਗਾਤਾਰ ਕਾਂਗਰਸ ਸਰਕਾਰ ਦਾ ਵੀ ਇਸ ਮਸਲੇ ਤੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਭਾਜਪਾ ਆਗੂਆਂ ਵੱਲੋਂ ਕਾਂਗਰਸ ਸਰਕਾਰ ‘ਤੇ ਲੱਖਾ ਸਿਧਾਣਾ ਦੀ ਰੈਲੀ ਨੂੰ ਲੈ ਕੇ ਤੰਜ ਕੱਸਿਆ ਗਿਆ ਹੈ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਵੱਲੋਂ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦਿਆ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲਿਆ।
ਇਸ ਤੋਂ ਬਾਅਦ ਕਾਂਗਰਸੀ ਆਗੂ ਵੀ ਤਰੁਣ ਚੁੱਘ ਨੂੰ ਮੋੜਵਾਂ ਜਵਾਬ ਦੇ ਰਹੇ ਹਨ। ਦਰਅਸਲ ਤਰੁਣ ਚੁੱਘ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਸ਼ਟਰੀ ਝੰਡੇ ਦੀ ਬੇਇਜ਼ਤੀ ਕਰਨ ਵਾਲਾ ਲੱਖਾ ਸਿੰਘ ਅੱਜ ਪੰਜਾਬ ਵਿੱਚ ਸ਼ਰ੍ਹੇਆਮ ਘੁੰਮਦਾ ਫਿਰ ਰਿਹਾ ਹੈ । ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਵੱਲੋਂ ਸ਼ਰ੍ਹੇਆਮ ਦੋ ਘੰਟੇ ਪੁਲਿਸ ਦੀ ਮੌਜੂਦਗੀ ਵਿੱਚ ਰੈਲੀ ਵੀ ਕੀਤੀ ਗਈ ਅਤੇ ਸ਼ਰੇਆਮ ਸਟੇਜ ਤੋਂ ਭਾਸ਼ਣ ਵੀ ਦਿੱਤਾ ਗਿਆ ਪਰ ਅੱਜ ਕੈਪਟਨ ਸਰਕਾਰ ਸ਼ਰੇਆਮ ਗੈਂਗਸਟਰਾਂ ਨੂੰ ਹੀਰੋ ਬਣਾਉਣ ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀ ਭਾਈਚਾਰੇ ਦੇ ਲਈ ਖ਼ਤਰਨਾਕ ਹੈ। ਉਧਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਵੱਲੋਂ ਵੀ ਭਾਜਪਾ ਤੇ ਤਿੱਖਾ ਸ਼ਬਦੀ ਵਾਰ ਕੀਤਾ ਗਿਆ ਹੈ। ਵੇਰਕਾ ਨੇ ਕਿਹਾ ਕਿ ਅੱਜ ਹਰ ਇੱਕ ਨੂੰ ਪਤਾ ਹੈ ਕਿ ਗੈਂਗਸਟਰਾਂ ਨੂੰ ਕੌਣ ਸ਼ਹਿ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਬਾਈ ਤੋਂ ਪੱਚੀ ਬੈਰੀਕੇਡ ਤੋੜਦਿਆਂ ਹੋਇਆਂ ਇਹ ਲੋਕ ਲਾਲ ਕਿਲੇ ਤਕ ਕਿਵੇਂ ਪਹੁੰਚੇ? ਵੇਰਕਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਨ੍ਹਾਂ ਦੇ ਖਿਲਾਫ ਕੋਈ ਵੀ ਐਫਆਈਆਰ ਦਰਜ ਨਹੀਂ ਹੈ ਇਸ ਕਰਕੇ ਪੰਜਾਬ ਪੁਲਿਸ ਇਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ। ਵੇਰਕਾ ਨੇ ਕਿਹਾ ਕਿ ਜੇਕਰ ਦਿੱਲੀ ਪੁਲੀਸ ਕੋਈ ਸੰਮਨ ਲੈ ਕੇ ਆਉਂਦੀ ਹੈ ਤਾਂ ਪੰਜਾਬ ਪੁਲਿਸ ਉਨ੍ਹਾਂ ਦੀ ਹਰ ਹਾਲਤ ਵਿਚ ਮਦਦ ਕਰੇਗੀ ਅਤੇ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਰੈਲੀ ਕਰਕੇ ਆਪਣੀ ਗੱਲ ਕਹਿਣ ਦਾ ਪੂਰਨ ਹੱਕ ਹੈ ।