ਲੜਕੀਆਂ ਦੇ ਕਾਲਜ ਵਿੱਚ ਹੋ ਰਹੀਆਂ ਨਜ਼ਾਇਜਗੀਆਂ ਦੀ ਸਖ਼ਤ ਨਿਖੇਧੀ

TeamGlobalPunjab
4 Min Read

ਚੰਡੀਗੜ੍ਹ: ਸੰਤ ਅਤਰ ਸਿੰਘ ਮਸਤੂਆਣਾ ਦੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਮਾਲਵਾ ਦਾ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਇਲਾਕੇ ਦਾ ਇਕ ਪ੍ਰਸਿੱਧ ਵਿਦਿਅਕ ਅਦਾਰਾ ਹੈ। ਇਸ ਅਦਾਰੇ ਉਤੇ ਆਰ. ਐਸ. ਐਸ. ਪਖੀ ਤੇ ਗੁਰਮਤਿ ਵਿਰੋਧੀ ਤੱਤਾਂ ਵਲੋਂ ਅਫਸਰਸ਼ਾਹੀ ਨਾਲ ਮਿਲੀਭੁਗਤ ਕਰਕੇ ਕਬਜਾ ਕਰਨ ਦੇ ਲਗਾਤਾਰ ਯਤਨ ਹੋ ਰਹੇ ਹਨ। ਇਲਾਕੇ ਦੇ ਪੰਚਾਂ-ਸਰਪੰਚਾਂ, ਸਮਾਜ ਸੇਵੀ ਤੇ ਧਾਰਮਿਕ ਅਦਾਰਿਆਂ ਦੇ ਮੁਖੀਆਂ ਵਲੋਂ ਇਨ੍ਹਾਂ ਯਤਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਵਿਚਾਰ ਮੰਚ ਚੰਡੀਗੜ੍ਹ ਨੇ ਐਨ ਮੁਢ ਤੋਂ ਹੀ ਆਰ ਐਸ ਐਸ ਪੱਖੀ ਇਨ੍ਹਾਂ ਤੱਤਾਂ ਦੀ ਇਸ ਧਕੜਸ਼ਾਹੀ ਦਾ ਡਟਵਾਂ ਵਿਰੋਧ ਕੀਤਾ ਹੈ।

ਇਥੇ ਜ਼ਿਕਰਯੋਗ ਹੈ ਕਿ ਗਲਤ ਤੇ ਗੁੰਮਰਾਹਕੁਨ ਪ੍ਰਚਾਰ ਕਾਰਨ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਵਿਚ ਮੁਅੱਤਲ ਕੀਤਾ ਹੋਇਆ ਹੈ। ਜਦੋਂਕਿ ਹਕੀਕਤ ਇਹ ਹੈ ਕਿ ਕਾਲਜ ਨੂੰ ਸਰਕਾਰ, ਯੂ. ਜੀ. ਸੀ. ਜਾਂ ਕਿਸੇ ਮੰਤਰੀ ਵਲੋਂ ਦਿਤੀ ਜਾਂਦੀ ਗਰਾਂਟ ਕਾਲਜ ਦੇ ਪ੍ਰਿੰਸੀਪਲ ਦੇ ਖਾਤੇ ਵਿਚ ਜਮ੍ਹਾ ਹੁੰਦੀ ਹੈ ਅਤੇ ਪ੍ਰਿੰਸੀਪਲ ਉਸ ਗਰਾਂਟ ਨੂੰ ਖਰਚ ਕੇ ਸਰਟੀਫਿਕੇਟ ਦਿੰਦੀ ਹੈ ਤਾਂ ਹੀ ਅਗਲੀ ਗਰਾਂਟ ਆਉਂਦੀ ਹੈ ਅਤੇ ਇਸ ਵਿਚ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਇਕ ਪਾਸੇ ਸਰਕਾਰ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਦੇ ਮੁਲਾਜਮਾਂ ਨੂੰ ਤਨਖਾਹ ਦੇਣ ਤੋਂ ਅਸਮਰਥ ਹੈ ਪਰ ਦੂਜੇ ਪਾਸੇ ਵਿਦਿਆ ਦੇ ਖੇਤਰ ਵਿਚ ਨਿਸ਼ਕਾਮ ਕੰਮ ਕਰਨ ਵਾਲੇ ਅਦਾਰਿਆਂ ਦੇ ਇਮਾਨਦਾਰ ਪ੍ਰਬੰਧਕਾਂ ਨੂੰ ਜਲੀਲ ਕਰ ਰਹੀ ਹੈ।

ਕਾਲਜ ਦੇ ਲੇਖੇ ਸਾਰੀ ਉਮਰ ਲਾਉਣ ਵਾਲੀਆਂ ਪ੍ਰਿੰਸੀਪਲ ਸ਼ਿਵਰਾਜ ਕੌਰ ਅਤੇ ਡਾਕਟਰ ਹਰਜੀਤ ਕੌਰ ਦੀ ਕੁਰਬਾਨੀ ਬਦਲੇ ਉੰਨ੍ਹਾ ਨੂੰ ਸਨਮਾਨਿਤ ਕਰਨ ਦੀ ਬਜਾਇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੌਜੂਦਾ ਪ੍ਰਿੰਸੀਪਲ ਨੇ ਆਪਣੇ ਅਹੁਦੇ ਅਤੇ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਇਨ੍ਹਾਂ ਦੇ ਕਾਲਜ ਕੰਪਾਊਂਡ ਵਿਚ ਦਾਖਲੇ ਉਤੇ ਪਾਬੰਦੀ ਲਾਈ ਹੋਈ ਹੈ। ਕਾਲਜ ਵਿਚੋਂ ਬਾਹਰ ਜਾਣ ਦਾ ਇਕ ਹੀ ਗੇਟ ਹੈ, ਇਸ ਲਈ ਇਹ ਦੋਵੇਂ ਬੀਬੀਆਂ ਆਪਣੀ ਕਾਲਜ ਵਿਚਲੀ ਰਿਹਾਇਸ਼ ਤੋਂ ਬਾਹਰ ਨਹੀਂ ਜਾ ਸਕਦੀਆਂ। ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਇਹ ਬੀਬੀਆਂ ਆਪਣੀ ਰਿਹਾਇਸ਼ ਵਿਚ ਨਜ਼ਰਬੰਦ ਹੋ ਕੇ ਮਾਨਸਿਕ ਸੰਤਾਪ ਭੋਗ ਰਹੀਆਂ ਹਨ। ਇਥੇ ਇਹ ਦਸਣਾ ਉਚਿਤ ਹੋਵੇਗਾ ਕਿ ਕਾਲਜ ਦੀ ਮੌਜੂਦਾ ਪ੍ਰਿੰਸੀਪਲ ਇਸ ਕਾਲਜ ਵਿਚ ਇਨ੍ਹਾਂ ਬੀਬੀਆਂ ਦੀ ਵਿਦਿਆਰਥਣ ਰਹੀ ਹੈ ਅਤੇ ਹੁਣ ਕਾਲਜ ਦੀ ਮਹਿਜ ਇਕ ਮੁਲਾਜ਼ਮ ਹੈ। ਇਕ ਅਧਿਆਪਕ ਲਈ ਇਸ ਤੋਂ ਵੱਡਾ ਸੰਤਾਪ ਅਤੇ ਸਦਮਾ ਹੋਰ ਕੀ ਹੋਵੇਗਾ ਕਿ ਉਹ ਆਪਣੇ ਹੀ ਵਿਦਿਆਰਥੀ ਹਥੋਂ ਜਲੀਲ ਹੋ ਰਹੀਆ ਹਨ। ਕਾਲਜ ਵਿਚ ਪੁਲਸੀਆ ਤੰਤਰ ਕਾਰਨ ਖੌਫ ਦਾ ਮਾਹੌਲ ਬਣਿਆ ਹੋਇਆ ਹੈ।

ਇਲਾਕੇ ਦੀਆਂ 30 ਹਜ਼ਾਰ ਦੇ ਕਰੀਬ ਲੜਕੀਆਂ ਇਥੋਂ ਵਿਦਿਆ ਹਾਸਲ ਕਰ ਚੁਕੀਆਂ ਹਨ। ਅਜਿਹੇ ਸ਼ਾਨਾਮਤੇ ਅਦਾਰੇ ਦੇ ਨਿਰਮਾਣ ਵਿਚ ਜਿਥੇ ਸ. ਗੁਰਬਖਸ਼ ਸਿੰਘ ਸਿਬੀਆ, ਪ੍ਰਿੰਸੀਪਲ ਸੁਰਜੀਤ ਸਿੰਘ ਗਾਂਧੀ ਦਾ ਹਥ ਹੈ, ਉਥੇ ਹੀ ਇਸ ਕਾਲਜ ਦੇ ਬਾਨੀ ਪ੍ਰਿੰਸੀਪਲ ਸ਼ਿਵਰਾਜ ਕੌਰ ਅਤੇ ਪ੍ਰਿੰਸੀਪਲ ਹੁਣ ਡਾਇਰੈਕਟਰ ਡਾ. ਹਰਜੀਤ ਕੌਰ ਦੀ ਬਹੁਤ ਵੱਡੀ ਦੇਣ ਹੈ। ਇਹਨਾਂ ਦੋਵਾਂ ਨੇ ਆਪਣਾ ਪੂਰਾ ਜੀਵਨ ਅਕਾਲ ਡਿਗਰੀ ਅਕਾਲ ਨੂੰ ਸਮਰਪਿਤ ਕਰ ਦਿਤਾ ਹੈ। ਆਪਣੀ ਜਿੰਦਗੀ ਦੀ ਸਮੁਚੀ ਕਮਾਈ ਕਾਲਜ ਦੇ ਲੇਖੇ ਲਾਈ ਹੈ। ਕਾਲਜ ਹੀ ਇਨ੍ਹਾਂ ਦਾ ਪਰਿਵਾਰ ਤੇ ਘਰ ਹੈ। ਇਨ੍ਹਾਂ ਦੀ ਰਿਹਾਇਸ਼ ਕਾਲਜ ਕੈਂਪਸ ਦੇ ਅੰਦਰ ਹੈ। ਤਿੰਨ ਪੀੜ੍ਹੀਆਂ ਨੂੰ ਵਿਦਿਆ ਦੇਣ ਵਾਲੀਆਂ ਇਹ ਵਿਦਵਾਨ ਬੀਬੀਆਂ ਅਜ ਆਪਣੇ ਹੀ ਕਾਲਜ ਵਿਚਲੀ ਰਿਹਾਇਸ਼ ਅੰਦਰ ਪਿਛਲੇ ਢਾਈ ਮਹੀਨਿਆਂ ਤੋਂ ਕੈਦ ਹਨ।

- Advertisement -

ਸਿੱਖ ਵਿਚਾਰ ਮੰਚ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਅਦਾਰੇ ਵਿਚ ਕੀਤੀ ਜਾ ਰਹੀ ਬੇਲੋੜੀ ਪੁਲਸੀ ਦਖਲ ਅੰਦਾਜੀ ਬੰਦ ਕਰਵਾਏ ਤੇ ਇਨ੍ਹਾਂ ਬੀਬੀਆਂ ਦੀ ਸੁਰਖਿਆ ਨੂੰ ਯਕੀਨੀ ਬਣਾਏ। ਪ੍ਰੈਸ ਬਿਆਨ ਉਤੇ ਦਸਖਤ ਕਰਨ ਵਾਲਿਆਂ ਵਿਚ ਸ੍ਰ. ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.) ਇੰਸਟੀਚਿਊਟ ਆਫ ਸਿਖ ਸਟਡੀਜ ਦੇ ਪ੍ਰਧਾਨ ਸ੍ਰ. ਗੁਰਪ੍ਰੀਤ ਸਿੰਘ, ਸ੍ਰ. ਬਿਕਰਮਜੀਤ ਸਿੰਘ ਸੋਢੀ, ਸਿਖ ਚਿੰਤਕ ਅਤੇ ਆਲਮੀ ਮਸਲਿਆਂ ਦੇ ਮਾਹਿਰ ਸ੍ਰ. ਅਜੈਪਾਲ ਸਿੰਘ, ਸ੍ਰ ਜਸਪਾਲ ਸਿੰਘ ਸੀਨੀਅਰ ਪਤਰਕਾਰ, ਪ੍ਰੋ ਮਨਜੀਤ ਸਿੰਘ, ਗੁਰਬਚਨ ਸਿੰਘ (ਦੇਸ ਪੰਜਾਬ) ਸ਼ਾਮਿਲ ਹਨ।

Share this Article
Leave a comment