-ਅਵਤਾਰ ਸਿੰਘ;
ਲਕਸ਼ਮੀ ਬਾਈ ਝਾਂਸੀ ਦੀ ਰਾਣੀ ਦਾ ਜਨਮ 19-11-1835 ਨੂੰ ਕਾਸ਼ੀ ਵਿਖੇ ਮੋਰੋਪੰਤ ਤਾਂਬੇ ਦੇ ਘਰ ਹੋਇਆ। ਬਚਪਨ ਵਿੱਚ ਲਕਸ਼ਮੀ ਬਾਈ ਨੂੰ ਮੰਨੂ ਕਹਿ ਕੇ ਬੁਲਾਇਆ ਜਾਂਦਾ ਸੀ, ਉਹ ਚਾਰ ਸਾਲ ਦੀ ਸੀ ਕਿ ਇਸਦੀ ਮਾਂ ਭਾਗਰਥੀ ਬਾਈ ਦਾ ਦੇਹਾਂਤ ਹੋ ਗਿਆ।
ਉਸ ਦਾ ਵਿਆਹ ਝਾਂਸੀ ਦੇ ਰਾਜੇ ਗੰਗਾਧਰ ਨਿਵਾਲਕਰ ਨਾਲ ਹੋਇਆ। ਇਸ ਦੇ ਘਰ ਪੈਦਾ ਹੋਏ ਪੁੱਤਰ ਦਮੋਦਰ ਦੀ ਚਾਰ ਮਹੀਨੇ ਬਾਅਦ ਮੌਤ ਹੋ ਗਈ।ਇਸਨੇ ਲੜਕੇ ਆਨੰਦ ਰਾਵ ਨੂੰ ਗੋਦ ਲੈ ਕੇ ਉਸਦਾ ਨਾਮ ਵੀ ਦਮੋਦਰ ਰੱਖਿਆ। 1853 ‘ਚ ਇਸ ਦੇ ਪਤੀ ਦੀ ਮੌਤ ਹੋ ਗਈ।
ਲਾਰਡ ਡਲਹੌਜੀ ਨੇ ਲਕਸ਼ਮੀ ਬਾਈ ਦੇ ਪੁੱਤਰ ਨੂੰ ਝਾਂਸੀ ਰਾਜ ਦਾ ਉੱਤਰ ਅਧਿਕਾਰੀ ਮੰਨਣ ਤੋਂ ਨਾਂਹ ਕਰ ਦਿੱਤੀ ਤੇ 60,000 ਰੁ ਤੇ ਸਲਾਨਾ 5,000 ਰੁਪਏ ਪੈਨਸ਼ਨ ਦੇਣ ਦਾ ਲਾਲਚ ਵੀ ਦਿੱਤਾ ਜੋ ਉਸਨੇ ਠੁਕਰਾ ਦਿੱਤਾ।
ਰਾਣੀ ਨੇ ਬਹਾਦਰੀ ਨਾਲ 1857 ਵਿੱਚ ਗੁਆਂਢੀ ਰਾਜਾਂ ਔਰਛਾ ਤੇ ਦਤਿਆ ਵਲੋਂ ਕੀਤੇ ਹਮਲੇ ਨੂੰ ਪਿਛਾੜ ਦਿੱਤਾ ਤੇ ਫਿਰ ਉਸ ਨੇ ਫੌਜ ਵਿੱਚ ਵਾਧਾ ਕਰਦੇ ਹੋਏ ਔਰਤਾਂ ਨੂੰ ਵੀ ਸ਼ਾਮਲ ਕਰ ਲਿਆ।
ਅਸਲ ਵਿੱਚ ਬਗਾਵਤ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੀਆਂ ਨੀਤੀਆਂ ਤੇ ਰਾਜ ਪ੍ਰਬੰਧ ਦੇ ਢੰਗ ਤਰੀਕਿਆਂ ਵਿੱਚੋਂ ਪੈਦਾ ਹੋਈ ਸੀ। ਗਦਰ ਦਾ ਆਰੰਭ 10-5-1857 ਨੂੰ ਮੇਰਠ ਛਾਉਣੀ ਤੋਂ ਹੋਇਆ।
ਗਦਰ ਦਾ ਅਸਰ ਗਵਾਲੀਅਰ, ਝਾਂਸੀ, ਇੰਦੌਰ ਆਦਿ ਥਾਵਾਂ ‘ਤੇ ਸੀ। 4 ਅਪਰੈਲ1858 ਨੂੰ ਅੰਗਰੇਜ਼ਾਂ ਨੇ ਝਾਂਸੀ ਦੇ ਕਿਲੇ ‘ਤੇ ਹਮਲਾ ਕਰਕੇ ਰਾਣੀ ਲਕਸ਼ਮੀ ਬਾਈ ਨੂੰ ਬਾਹਰ ਕੱਢ ਦਿੱਤਾ ਤੇ ਉਹ ਕਾਨਪੁਰ ਲਾਗੇ ਕਾਲਪੀ ਪਹੁੰਚ ਗਈ।
ਉਥੇ ਵਿਦਰੋਹੀ ਬਾਗੀ ਰਾਜਿਆਂ ਦੀਆਂ ਫੌਜਾਂ ਨਾਨਾ ਸਾਹਿਬ ਦੇ ਭਤੀਜੇ ਦੀ ਅਗਵਾਈ ਹੇਠ ਝਾਂਸੀ ਦੀ ਰਾਣੀ, ਬਾਂਦਾ ਦਾ ਨਵਾਬ ਰਾਉ ਸਾਹਿਬ ਤੇ ਤਾਂਤੀਆ ਟੋਪੋ ਸਨ, ਨੇ ਅੰਗਰੇਜ਼ਾਂ ਨਾਲ ਹੋਈ ਜੰਗ ਲੜੀ ਜਿਸ ਵਿਚ ਬਹਾਦਰੀ ਨਾਲ ਲੜਦੀ ਹੋਈ ਝਾਂਸੀ ਦੀ ਰਾਣੀ 18-6-1858 ਨੂੰ ਸਦਾ ਲਈ ਅਮਰ ਹੋ ਗਈ।
“ਬੁੰਦੇਲੋ ਹਰਬੋਲੇ ਕੇ ਮੂੰਹ ਮੇਂ ਸੁਣੀ ਕਹਾਣੀ ਥੀ। ਖੂਬ ਲੜੀ ਮਰਦਾਨੀ, ਵੋਹ ਤੋ ਝਾਂਸੀ ਵਾਲੀ ਰਾਣੀ ਥੀ।”