ਮੰਤਰੀ ਮੰਡਲ ਵੱਲੋਂ ਅਨਾਜ ਖਰੀਦ ‘ਚ ਵਿੱਤੀ ਪਾੜਾ ਮੁਕਾਉਣ ਲਈ ਸੁਝਾਅ ਦੇਣ ਵਾਸਤੇ ਕੈਬਨਿਟ ਸਬ-ਕਮੇਟੀ ਦਾ ਗਠਨ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੀ ਖਰੀਦ ਪ੍ਰਕਿਰਿਆ ਵਿੱਚ ਵਿਧੀਪੂਰਵਕ ਮੁੱਦਿਆਂ ਨਾਲ ਪੈਂਦੇ ਵਿੱਤੀ ਪਾੜੇ ਨੂੰ ਸੁਲਝਾਉਣ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਹੈ।

ਤਿੰਨ-ਮੈਂਬਰੀ ਸਬ-ਕਮੇਟੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਆਧਾਰਿਤ ਹੈ।

ਇਸ ਕਮੇਟੀ ਨੂੰ ਵਿੱਤੀ ਪਾੜਾ ਖਤਮ ਕਰਨ ਲਈ ਰੂਪ-ਰੇਖਾ ਉਲੀਕਣ ‘ਤੇ ਕੰਮ ਕਰਨ ਵਾਸਤੇ ਆਖਿਆ ਗਿਆ ਹੈ ਜਿਸ ਨੂੰ ਬਜਟ ਵਿਵਸਥਾ ਰਾਹੀਂ ਨਿਪਟਾਇਆ ਜਾਵੇਗਾ। ਇਹ ਕਮੇਟੀ ਪ੍ਰਸਤਾਵਿਤ ‘ਪੰਜਾਬ ਫੂਡ ਗਰੇਨਜ਼ ਲੇਬਰ ਐਂਡ ਕਾਰਟੇਜ਼ ਪਾਲਿਸੀ, 2020-21’ ਵਿੱਚ ਹੋਰ ਵਧੇਰੇ ਪਾਰਦਰਸ਼ਤਾ ਤੇ ਕੁਸ਼ਲਤਾ ਲਿਆਉਣ ਲਈ ਸੁਝਾਅ ਦੇਵੇਗੀ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਇਸ ਕਦਮ ਨਾਲ ਜਿੱਥੇ ਸਾਰੇ ਭਾਈਵਾਲਾਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇਗਾ, ਉੱਥੇ ਹੀ ਵਿੱਤੀ ਅੰਤਰ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।

Share This Article
Leave a Comment