ਕਵਿਤਾ ਕੇਂਦਰ (ਰਜਿ.), ਚੰਡੀਗੜ੍ਹ ਵੱਲੋਂ ਜਿਲ੍ਹਾ ਕੌਂਸਲ, ਚੰਡੀਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ‘ਮੌਜੂਦਾ ਕਿਸਾਨ ਸੰਘਰਸ਼ ਅਤੇ ਅਜ਼ਾਦੀ ਸੰਗਰਾਮ’ ਨੂੰ ਸਮਰਪਿਤ ਗੋਸ਼ਟੀ ਡਾ. ਲਾਭ ਸਿੰਘ ਖੀਵਾ ਅਤੇ ਕੁਲਬੀਰ ਕੌਰ ਦੀ ਪ੍ਰਧਾਨਗੀ ਵਿਚ ਕੀਤੀ ਗਈ। ਉਨ੍ਹਾਂ ਨਾਲ ਮੰਚ ਉਤੇ ਉਘੇ ਚਿੰਤਕ ਡਾ. ਸਵਰਾਜ ਸਿੰਘ, ਕਰਮ ਸਿੰਘ ਵਕੀਲ-ਪ੍ਰਧਾਨ, ਕਵਿਤਾ ਕੇਂਦਰ ਅਤੇ ਰਾਜ ਕੁਮਾਰ ਸਕੱਤਰ-ਜ਼ਿਲ੍ਹਾ ਕੌਂਸਲ, ਚੰਡੀਗੜ੍ਹ ਸ਼ਾਮਲ ਹੋਏ।
ਸਮਾਗਮ ਦੇ ਸ਼ੁਰੂਆਤ ਵਿਚ ਅਜੋਕੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ 310 ਕਿਸਾਨਾਂ ਅਤੇ ਅਜ਼ਾਦੀ ਸੰਗਰਾਮ ਦੇ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਉਨ੍ਹਾਂ ਦੇ ਸੰਗਰਾਮੀ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਅਜ਼ਾਦੀ ਸੰਗਰਾਮ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਪਾਏ ਯੋਗਦਾਨ ਨੂੰ ਦਰਸਾਉਂਦੀ 101 ਚਿੱਤਰਾਂ ਦੀ ਪ੍ਰਦਰਸ਼ਨੀ ਦਾ ਡਾ. ਸਵਰਾਜ ਸਿੰਘ ਨੇ ਲੋਕ ਅਰਪਣ ਕੀਤਾ।
ਗੋਸ਼ਟੀ ਦੇ ਮੁੱਖ ਬੁਲਾਰੇ ਡਾ. ਸਵਰਾਜ ਸਿੰਘ ਨੇ ਕਿਹਾ ਕਿ ਭਗਤ ਸਿੰਘ ਨੂੰ ਸੱਚੀ ਸਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਅਜੋਕੇ ਸਮੇਂ ਦੇ ਮਾਹੋਲ ਨੂੰ ਚੰਗੀ ਤਰਾਂ ਘੋਖੀਏ, ਪਰਖੀਏ ਅਤੇ ਦੁਸ਼ਮਣ ਖਿਲਾਫ ਪੂਰਾ ਤਾਣ ਲਾ ਕੇ ਲੜੀਏ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਸਾਨੂੰ ਅੰਗਰੇਜ਼ਾਂ ਦੀ ਜਿਸਮਾਨੀ ਗੁਲਾਮੀ ਤੋਂ ਅਜ਼ਾਦ ਕੀਤਾ ਪਰ ਅਜੋਕੇ ਸਮੇਂ ਦੀਆਂ ਲੋਕ-ਦੋਖੀ ਸਰਕਾਰਾਂ ਨੇ ਸਾਥੋਂ ਸਾਡਾ ਸਭਿਆਚਾਰ, ਕਦਰਾਂ ਕੀਮਤਾਂ, ਮਾਂ ਬੋਲੀਆਂ ਅਤੇ ਸਾਡੇ ਮਨੁੱਖੀ ਅਧਿਕਾਰ ਖੋਹ ਕੇ ਆਮ ਬੰਦੇ ਨੂੰ ਰੁਹਾਨੀ ਤੌਰ ਤੇ ਗੁਲਾਮ ਕਰ ਲਿਆ ਹੈ। ਮਹਿੰਗਾਈ, ਅਰਾਜਿਕਤਾ ਅਤੇ ਕੱਟੜਤਾ ਸਿਖਰਾਂ ਉਤੇ ਹਨ ਪਰ ਸਧਾਰਨ ਬੰਦਾ ਵਿਰੋਧ ਹੀ ਨਹੀਂ ਕਰਦਾ। ਅਜੋਕੇ ਕਿਸਾਨ ਸੰਘਰਸ਼ ਦੇ ਰਹਿਨੁਮਾ ਕਿਸਾਨਾਂ ਨੇ ਲੋਕ-ਦੋਖੀ ਸਰਕਾਰਾਂ ਦੀ ਖਸਲਤ ਪਛਾਣ ਲਈ ਹੈ। ਉਨ੍ਹਾਂ ਦੇ ਬੇਮਿਸਾਲ ਸੰਘਰਸ਼ ਨੇ ਦੇਸ਼ ਵਾਸੀਆਂ ਨੂੰ ਗਹਿਰੀ ਨੀਂਦ ਤੋਂ ਝੰਜੋੜ ਕੇ ਉਠਾਇਆ ਹੈ। ਦੇਸ਼ ਦੇ ਸਾਰੇ ਵਰਗ ਸੰਘਰਸ਼ ਵਿਚ ਕੁੱਦ ਪਏ ਹਨ। ਸਰਮਾਏਦਾਰੀ ਕਾਰਪੋਰੇਟ ਘਰਾਣਿਆਂ ਰਾਹੀਂ ਖੇਤੀ ਨੂੰ ਵੀ ਵਿਉਪਾਰ ਵਿਚ ਬਦਲ ਕੇ ਖੇਤੀ ਉਤਪਾਦਾਂ ਦੇ ਮੁਨਾਫੇ ਉਤੇ ਕਾਬਜ ਹੋਣਾ ਚਾਹੁੰਦੀ ਹੈ। ਖੇਤੀ ਜਮੀਨਾਂ ਹਥਿਆ ਕੇ ਕਿਸਾਨੀ ਨੂੰ ਮਜ਼ਦੂਰ ਬਣਾਉਣਾ ਚਾਹੁੰਦੀ ਹੈ ਜਿਸ ਦੀ ਪੂਰਤੀ ਲਈ ਹੀ ਖੇਤੀ ਕਾਨੂੰਨ ਬਣਾਏ ਗਏ ਹਨ। ਪਰ ਸਰਮਾਏਦਾਰੀ ਖੁੱਦ ਹੀ ਪਤਨ ਵੱਲ ਜਾ ਰਹੀ ਹੈ। ਉਹ ਜੋ ਮਾਡਲ ਭਾਰਤ ਵਿਚ ਲਾਗੂ ਕਰਨਾ ਚਾਹੁੰਦੇ ਹਨ ਅਮਰੀਕਾ ਤੇ ਯੂਰਪ ਵਿਚ ਫੇਲ ਹੋ ਚੁੱਕਿਆ ਹੈ।
ਡਾ. ਲਾਭ ਸਿੰਘ ਖੀਵਾ ਨੇ ਕਿ ਕਿਸਾਨੀ ਸੰਘਰਸ਼ ਦੀ ਸਿੱਧੀ ਟੱਕਰ ਸੰਸਾਰ ਸਰਮਾਏਦਾਰੀ ਦੇ ਵਿਕਾਸ ਮਾਡਲ ਨਾਲ ਹੈ। ਇਹ ਵਿਕਾਸ ਮਾਡਲ ਪਬਲਿਕ ਸੈਕਟਰ ਨੂੰ ਤਬਾਹ ਕਰਕੇ ਪ੍ਰਾਈਵੇਟ ਸੈਕਟਰ ਵਿਚ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਕਿ ਕਾਰਪੋਰੇਟ ਘਰਾਣਿਆ ਦੀ ਤਿਜ਼ੋਰੀ ਭਰੀ ਜਾ ਸਕੇ ਅਤੇ ਦੇਸ਼ ਦੀ ਸਰਕਾਰ ਵੀ ਉਨ੍ਹਾਂ ਦੇ ਹੱਥਾਂ ਵਿਚ ਹੀ ਖੇਡੇ। ਡਾ. ਕੁਲਬੀਰ ਕੌਰ ਨੇ ਕਿਹਾ ਅਜੋਕਾ ਨੌਜਵਾਨ ਵਰਗ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਰਨ ਚਿੰਤਾ ਵਿਚ ਹੈ। ਕਿਸਾਨ ਸੰਘਰਸ਼ ਨੇ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਪੈਣ ਲਈ ਪ੍ਰੇਰਿਆ ਹੈ। ਉਨ੍ਹਾਂ ਆਮ ਜਨਤਾ ਨੂੰ ਚਿੰਤਾ ਤੋਂ ਚਿੰਤਨ ਵੱਲ ਅਤੇ ਦੁਸ਼ਮਣ ਪਛਾਣ ਕੇ ਹੱਕਾਂ ਲਈ ਲੜਨ ਵੱਲ ਵਧਾਇਆ ਹੈ ਜੋ ਕਿ ਮਹੱਤਵਪੂਰਨ ਦੇਣ ਹੈ। ਕਵੀ ਦਰਬਾਰ ਦੌਰਾਨ ਮਲਕੀਤ ਸਿੰਘ ਨਾਗਰਾ, ਕਰਮਜੀਤ ਸਿੰਘ ਬੱਗਾ, ਬਲਵਿੰਦਰ ਸਿੰਘ ਢਿੱਲੋਂ, ਪਰਮਿੰਦਰ ਸਿੰਘ ਗਿੱਲ, ਗੋਰਾ ਹੁਸ਼ਿਆਰਪੁਰੀ, ਖੂਸ਼ਹਾਲ ਸਿੰਘ ਨਾਗਾ, ਸਤਬੀਰ ਕੌਰ, ਸਿਮਰਨਜੀਤ ਕੌਰ ਗਰੇਵਾਲ, ਸੁਰਜੀਤ ਕੌਰ ਕਾਲੜਾ, ਸੁਪਨੀਤ ਕੌਰ, ਜਸਵੀਰ ਕੌਰ, ਦਰਸ਼ਨ ਸਿੰਘ ਬਾਗੜੀ, ਮਹਿੰਦਰਪਾਲ ਸਿੰਘ, ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ, ਦੇਵੀ ਦਿਆਲ ਸ਼ਰਮਾ, ਸ਼ੰਗਾਰਾ ਸਿੰਘ, ਜਗਤਾਰ ਸਿੰਘ, ਲਾਲ ਜੀ ਲਾਲੀ, ਬਲਦੇਵ ਸਿੰਘ, ਗੁਰਇੰਦਰਜੀਤ ਖਹਿਰਾ, ਜਗਨ ਪਾਲ, ਗੁਰਮੁੱਖ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਸਾਨੀ ਸੰਘਰਸ਼, ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਸਾਥੀਆਂ ਨੂੰ ਸਮਰਪਿਤ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਪੇਸ਼ ਕਰਕੇ ਸ਼ਰਧਾਂਜਲੀ ਦਿੱਤੀ। ਅੰਤ ਵਿਚ ਧੰਨਵਾਦੀ ਸ਼ਬਦ ਜ਼ਿਲ੍ਹਾ ਕੌਂਸਲ ਦੇ ਸਕੱਤਰ ਰਾਜ ਕੁਮਾਰ ਨੇ ਪੇਸ਼ ਕੀਤੇ। ਉਨ੍ਹਾਂ ਅਜੋਕੇ ਸਮੇਂ ਵਿਚ ਅਜਿਹੇ ਸਮਾਗਮਾਂ ਦੀ ਸਖਤ ਲੋੜ ਦਰਸਾਉਂਦੇ ਆਏ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਕਰਮ ਸਿੰਘ ਵਕੀਲ ਨੇ ਨਿਭਾਈ।