ਚੰਡੀਗੜ੍: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਡਰੋਨ ਅਧਾਰਤ ਹਥਿਆਰਾਂ/ਗੋਲੀ ਸਿੱਕੇ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਉਨਾਂ ਕੋਲੋਂ ਅਤਿ ਆਧੁਨਿਕ ਹਥਿਆਰਾਂ ਅਤੇ ਗੋਲੀ ਸਿੱਕੇ ਦਾ ਨਵਾਂ ਜ਼ਖ਼ੀਰਾ ਵੀ ਬਰਾਮਦ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਹੁਣ ਤੱਕ ਇਸ ਮੋਡਿਊਲ ਦੇ ਕੁੱਲ ਪੰਜ ਮੈਂਬਰ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਪਿੰਡ ਬਰਵਾਲਾ ਜਿਲਾ ਤਰਨਤਾਰਨ, ਹਰਚੰਦ ਸਿੰਘ ਅਤੇ ਗੁਰਸਾਹਿਬ ਸਿੰਘ ਦੋਵੇਂ ਵਾਸੀ ਵਲਟੋਹਾ ਜਿਲਾ ਅੰਮਿ੍ਰਤਸਰ ਵਜੋਂ ਹੋਈ ਹੈ। ਪੁਲਿਸ ਨੇ ਇਨਾਂ ਦੇ ਕਬਜੇ ‘ਚੋਂ 1.01 ਕਰੋੜ ਰੁਪਏ ਦੀ ਨਕਦੀ, 500 ਗ੍ਰਾਮ ਹੈਰੋਇਨ, 17 ਪਿਸਤੌਲ ਸਮੇਤ 400 ਜਿੰਦਾ ਕਾਰਤੂਸ, ਇਕ ਐਮਪੀ-4 ਰਾਈਫਲ ਸਮੇਤ 300 ਜਿੰਦਾ ਕਾਰਤੂਸ, ਦੋ ਭਾਰ ਤੋਲਣ ਵਾਲੀਆਂ ਮਸ਼ੀਨਾਂ ਅਤੇ ਦੋ ਨੋਟ ਗਿਣਨ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਦੀ ਪੁਲਸ ਟੀਮ ਨੇ ਇਸ ਮੋਡਿਊਲ ਦੇ ਦੋ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਸੀ, ਜਿਸ ਵਿਚ ਇਕ ਕੈਦੀ ਜਸਕਰਨ ਸਿੰਘ ਅਤੇ ਉਸ ਦੇ ਸਾਥੀ ਰਤਨਬੀਰ ਸਿੰਘ ਵਜੋਂ ਪਛਾਣ ਕੀਤੀ ਗਈ ਸੀ, ਉਨਾਂ ਵਲੋਂ ਦੱਸੇ ਟਿਕਾਣਿਆਂ ਤੋਂ ਕੁੱਲ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਸਨ ਅਤੇ ਹੁਣ ਪਿਸਤੌਲਾਂ ਦੀ ਬਰਾਮਦਗੀ ਦੀ ਕੁੱਲ ਗਿਣਤੀ 27 ਤੱਕ ਪਹੁੰਚ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਜਸਕਰਨ ਸਿੰਘ ਅਤੇ ਰਤਨਬੀਰ ਸਿੰਘ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਨਾਂ ਦੇ ਸਾਥੀ ਸੁਰਿੰਦਰ ਨੇ ਪਾਕਿਸਤਾਨ ਤੋਂ ਡਰੋਨਾਂ ਦੀ ਮਦਦ ਨਾਲ ਆਏ ਹਥਿਆਰਾਂ/ਗੋਲੀ ਸਿੱਕੇ ਦੀ ਖੇਪ ਫੜੀ ਸੀ। ਇਸ ਜਾਣਕਾਰੀ ’ਤੇ ਅਧਾਰਤ ਕਾਰਵਾਈ ਕਰਦਿਆਂ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਰਿੰਦਰ ਨੂੰ ਗਿ੍ਰਫਤਾਰ ਕਰ ਲਿਆ ਅਤੇ ਉਸਦੇ ਕਬਜ਼ੇ ਵਿੱਚੋਂ 10 ਪਿਸਤੌਲਾਂ ਦੇ ਨਾਲ ਛੇ ਮੈਗਜੀਨਾਂ ਅਤੇ 100 ਜਿੰਦਾ ਕਾਰਤੂਸ ਬਰਾਮਦ ਕੀਤੇ ।
ਉਨਾਂ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਸੁਰਿੰਦਰ ਜਸਕਰਨ ਸਿੰਘ ਦੇ ਨਿਰਦੇਸ਼ਾਂ ‘ਤੇ ਰਤਨਬੀਰ ਤੋਂ ਖੇਪ ਚੁੱਕ ਕੇ ਦੋ ਭਰਾਵਾਂ ਹਰਚੰਦ ਅਤੇ ਗੁਰਸਾਹਿਬ ਤੱਕ ਪਹੁੰਚਾਉਂਦਾ ਸੀ, ਪੁਲਿਸ ਟੀਮਾਂ ਨੇ ਉਨਾਂ ਦੋਵਾਂ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਨੇ ਉਨਾਂ ਦੋਵਾਂ ਦੇ ਕਬਜ਼ੇ ‘ਚੋਂ 7 ਪਿਸਤੌਲ, ਇਕ ਐੱਮ.ਪੀ.-4 ਰਾਈਫਲ ਅਤੇ 500 ਗ੍ਰਾਮ ਹੈਰੋਇਨ ਤੋਂ ਇਲਾਵਾ 1.01 ਕਰੋੜ ਰੁਪਏ ਦੀ ਨਕਦੀ, ਭਾਰ ਤੋਲਣ ਵਾਲੀ ਮਸ਼ੀਨ ਅਤੇ ਕਰੰਸੀ ਗਿਣਨ ਦੀਆਂ ਮਸ਼ੀਨਾਂ ਸਮੇਤ ਬਕਾਇਆ ਖੇਪ ਬਰਾਮਦ ਕੀਤੀ ਹੈ।
ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਤੋਂ ਆਈਆਂ ਹੋਰ ਖੇਪਾਂ ਦਾ ਪਤਾ ਲਗਾਉਣ ਲਈ ਅੱਗੇ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਿਸੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਖੇਪ ਤਾਂ ਨਹੀਂ ਦਿੱਤੀ ਗਈ।
ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਅੰਮਿ੍ਰਤਸਰ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜਮ ਜਸਕਰਨ ਨੇ ਕਬੂਲਿਆ ਕਿ ਉਹ ਆਸਿਫ ਨਾਂ ਦੇ ਪਾਕਿਸਤਾਨੀ ਤਸਕਰ ਦੇ ਸੰਪਰਕ ਵਿੱਚ ਸੀ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਪਹੁੰਚਾਉਂਦਾ ਸੀ ਅਤੇ ਰਤਨਬੀਰ ਉਸਦੇ ਨਿਰਦੇਸ਼ਾਂ ’ਤੇ ਉਕਤ ਖੇਪ ਨੂੰ ਪ੍ਰਾਪਤ ਕਰਦਾ ਸੀ।
ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਐਸ.ਐਸ.ਓ.ਸੀ. ਅੰਮਿ੍ਰਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਐਫਆਈਆਰ ਨੰਬਰ 30 ਮਿਤੀ 04.10.2022 ਨੂੰ ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਹੈ।