ਨਿਊਜ਼ ਡੈਸਕ : ਬੀਤੀ ਕੱਲ੍ਹ ਤੋਂ ਹੋ ਰਹੀ ਵਰਖਾ ਨੇ ਕਿਸਾਨਾਂ ਦੇ ਨੱਕ ‘ਚ ਦਮ ਕਰ ਦਿੱਤਾ ਹੈ। ਸੂਬੇ ਅੰਦਰ ਹੋਈ ਭਾਰੀ ਬਰਸਾਤ ਕਾਰਨ ਥਾਂ ਥਾਂ ‘ਤੇ ਫਸਲਾਂ ਦਾ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਕਿਸਾਨ ਕਾਫੀ ਨਿਰਾਸ਼ ਦਿਖਾਈ ਦੇ ਰਹੇ ਹਨ। ਉੱਥੇ ਹੀ ਜਿੱਥੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ ਨਾਲ ਹੀ ਕਈ ਜਗ੍ਹਾ ਗਰੀਬ ਕਿਸਾਨਾਂ ਦੇ ਘਰ ਵੀ ਡਿੱਗ ਗਏ ਹਨ।ਜਿਸ ਕਾਰਨ ਚਾਰੇ ਪਾਸੇ ਤ੍ਰਾਹੀ ਤ੍ਰਾਹੀ ਮੱਚ ਗਈ ਹੈ।
ਇਸ ਦੇ ਚਲਦਿਆਂ ਜੇਕਰ ਗੱਲ ਸੰਗਰੂਰ ‘ਚ ਪੈਂਦੇ ਲਹਿਰਾਗਾਗਾ ਇਲਾਕੇ ਦੀ ਕੀਤੀ ਜਾਵੇ ਤਾਂ ਇੱਥੇ ਭਾਰੀ ਨੁਕਸਾਨ ਹੋਇਆ ਹੈ।
ਭਾਰੀ ਮੀਂਹ ਨਾਲ ਹੋਈ ਗੜ੍ਹੇਮਾਰੀ ਕਾਰਨ ਇੱਥੇ ਫਸਲਾਂ ਲਗਭਗ ਤਬਾਹ ਹੋ ਗਈਆਂ ਹਨ ਅਤੇ ਭਾਰੀ ਮਾਤਰਾ ‘ਚ ਹੋਈ ਗੜ੍ਹੇਮਾਰੀ ਇੰਝ ਪ੍ਰਤੀਤ ਹੋ ਰਹੀਹੈ ਜਿਵੇਂ ਕਿ ਬਰਫਬਾਰੀ ਹੋਈ ਹੋਵੇ।
ਇਸ ਸਬੰਧੀ ਸਥਾਨਕ ਤਹਿਸਲੀਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੜ੍ਹੇਮਾਰੀ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਗੜ੍ਹੇਮਾਰੀ ਇੰਨੀ ਜਿਆਦਾ ਮਾਤਰਾ ‘ਚ ਹੋਈ ਹੈ ਜਿਸ ਕਾਰਨ ਗੜ੍ਹੇ ਅਜੇ ਵੀ ਫਸਲ ‘ਚ ਜਿਉਂ ਦੇ ਤਿਉਂ ਪਏ ਹਨ।
ਹੁਣ ਜੇਕਰ ਗੱਲ ਫਿਰੋਜ਼ਪੁਰ ਦੇ ਪਿੰਡ ਮਮਦੋਟ ਦੀ ਕਰੀਏ ਤਾਂ ਇੱਥੇ ਵੀ ਮੀਂਹ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਗਰੀਬ ਕਿਸਾਨ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਇਸ ਸਬੰਧੀ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਦੌਰਾਨ ਉਨ੍ਹਾਂ ਦੇ ਪਸ਼ੂ ਵੀ ਨੀਚੇ ਦਬ ਗਏ ਸਨ। ਇਕ ਹੋਰ ਬਜ਼ੁਰਗ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।
ਦੱਸ ਦਈਏ ਕਿ ਪੂਰੇ ਸੂਬੇ ਅੰਦਰ ਹੋਈ ਇਸ ਮੀਂਹ ਨੇ ਤਬਾਹੀ ਮਚਾਈ ਹੈ। ਇਸ ਦੇ ਨਾਲ ਹੀ ਗੜ੍ਹੇਮਾਰੀ ‘ਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਕਿਸਾਨਾਂ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।